Rhea Chakraborty in Sushant Singh Rajput Case: ਸੁਸ਼ਾਂਤ ਸਿੰਘ ਰਾਜਪੂਤ ਮੌਤ ਕੇਸ ਨਾਲ ਸਬੰਧਤ ਡਰੱਗਜ਼ ਕੇਸ ਦੀ ਦੋਸ਼ੀ ਐਕਟਰਸ ਰੀਆ ਚੱਕਰਵਰਤੀ ਨੂੰ ਮੁੰਬਈ ਦੀ ਅਦਾਲਤ ਤੋਂ ਰਾਹਤ ਮਿਲੀ ਹੈ। ਅਦਾਲਤ ਨੇ ਉਸ ਨੂੰ ਸ਼ਰਤਾਂ ਦੇ ਨਾਲ ਵਿਦੇਸ਼ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਐਕਟਰਸ ਨੂੰ ਆਬੂ ਧਾਬੀ ਵਿੱਚ ਭਾਰਤੀ ਦੂਤਾਵਾਸ ਵਿੱਚ ਰੋਜ਼ਾਨਾ ਹਾਜ਼ਰੀ ਭਰਨੀ ਪਵੇਗੀ ਅਤੇ 6 ਜੂਨ ਨੂੰ ਅਦਾਲਤ ਵਿੱਚ ਹਾਜ਼ਰੀ ਸ਼ੀਟ ਪੇਸ਼ ਕਰਨੀ ਪਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਵਾਧੂ ਸੁਰੱਖਿਆ ਵਜੋਂ ਅਦਾਲਤ ਦੀ ਰਜਿਸਟਰੀ 'ਚ 1 ਲੱਖ ਰੁਪਏ ਜਮ੍ਹਾ ਕਰਵਾਉਣੇ ਹੋਣਗੇ।


ਦੱਸ ਦਈਏ ਕਿ ਰੀਆ ਨੂੰ NCB ਨੇ ਡਰੱਗਜ਼ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ ਅਤੇ ਇਸ ਕਾਰਨ ਉਸ ਦਾ ਪਾਸਪੋਰਟ ਵੀ ਜਮ੍ਹਾ ਕਰਵਾਇਆ ਗਿਆ ਸੀ। ਰੀਆ ਦੇ ਵਕੀਲ ਨੇ ਅਦਾਲਤ 'ਚ ਅਰਜ਼ੀ ਦਿੱਤੀ ਸੀ ਕਿ ਰੀਆ ਨੂੰ ਆਈਫਾ ਐਵਾਰਡ ਲਈ 2 ਜੂਨ ਤੋਂ 8 ਜੂਨ ਤੱਕ ਅਬੂ ਧਾਬੀ ਜਾਣਾ ਹੈ, ਜਿਸ ਲਈ ਉਸ ਨੂੰ ਉਸ ਦਾ ਪਾਸਪੋਰਟ ਦਿੱਤਾ ਜਾਵੇ।


ਰੀਆ ਚੱਕਰਵਰਤੀ ਦੀ ਅਰਜ਼ੀ


ਰਿਆ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਆਈਫਾ ਦੇ ਨਿਰਦੇਸ਼ਕ ਅਤੇ ਸਹਿ-ਸੰਸਥਾਪਕ ਨੇ ਰੀਆ ਨੂੰ 3 ਜੂਨ 2022 ਨੂੰ ਗ੍ਰੀਨ ਕਾਰਪੇਟ 'ਤੇ ਚੱਲਣ ਅਤੇ ਇੱਕ ਪੁਰਸਕਾਰ ਪੇਸ਼ ਕਰਨ ਅਤੇ 4 ਜੂਨ 2022 ਨੂੰ ਮੁੱਖ ਪੁਰਸਕਾਰ ਸਮਾਰੋਹ ਦੌਰਾਨ ਇੱਕ ਗੱਲਬਾਤ ਦੀ ਮੇਜ਼ਬਾਨੀ ਕਰਨ ਲਈ ਸੱਦਾ ਦਿੱਤਾ ਗਿਆ ਹੈ।


ਵਕੀਲ ਨੇ ਕਿਹਾ ਕਿ ਇਸ ਚੱਲ ਰਹੇ ਅਪਰਾਧਿਕ ਮਾਮਲੇ ਅਤੇ ਆਲੇ-ਦੁਆਲੇ ਦੇ ਹਾਲਾਤਾਂ ਕਾਰਨ ਰੀਆ ਨੂੰ ਪਹਿਲਾਂ ਹੀ ਆਪਣੇ ਐਕਟਿੰਗ ਕੈਰੀਅਰ 'ਚ ਕਾਫੀ ਸੱਟਾਂ ਲੱਗੀਆਂ ਹਨ ਅਤੇ ਵਿੱਤੀ ਨੁਕਸਾਨ ਵੀ ਝੱਲਣਾ ਪਿਆ ਹੈ। ਇਸ ਲਈ ਅਜਿਹੇ ਮੌਕੇ ਫਿਲਮ ਉਦਯੋਗ ਵਿੱਚ ਰੀਆ ਦੇ ਭਵਿੱਖ ਦੀਆਂ ਸੰਭਾਵਨਾਵਾਂ ਲਈ ਬਹੁਤ ਮਹੱਤਵਪੂਰਨ ਹਨ ਅਤੇ ਉਸਦੀ ਰੋਜ਼ੀ-ਰੋਟੀ ਕਮਾਉਣ ਦੀ ਸਮਰੱਥਾ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ। ਇਸ ਤੋਂ ਇਲਾਵਾ ਰੀਆ ਦੇ ਬਜ਼ੁਰਗ ਮਾਤਾ-ਪਿਤਾ ਵੀ ਵਿੱਤੀ ਤੌਰ 'ਤੇ ਉਸ 'ਤੇ ਨਿਰਭਰ ਹਨ।


ਅਦਾਲਤ ਨੇ ਅਰਜ਼ੀ ਸਵੀਕਾਰ ਕਰ ਲਈ ਅਤੇ ਰੀਆ ਨੂੰ ਪਾਸਪੋਰਟ ਦੇਣ ਦਾ ਨਿਰਦੇਸ਼ ਦਿੱਤਾ। ਅਦਾਲਤ ਨੇ ਉਸ ਨੂੰ 5 ਜੂਨ ਤੱਕ ਪਾਸਪੋਰਟ ਵਰਤਣ ਦੀ ਇਜਾਜ਼ਤ ਦਿੱਤੀ ਹੈ ਅਤੇ 6 ਨੂੰ ਪਾਸਪੋਰਟ ਜਾਂਚ ਅਧਿਕਾਰੀ ਨੂੰ ਸੌਂਪਣ ਲਈ ਕਿਹਾ ਹੈ।


ਸਤੰਬਰ 2020 ਵਿੱਚ ਹੋਈ ਸੀ ਗ੍ਰਿਫਤਾਰੀ


ਦੱਸ ਦੇਈਏ ਕਿ ਸਾਲ 2020 ਵਿੱਚ NCB ਨੇ ਰੀਆ ਚੱਕਰਵਰਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਮਾਮਲੇ ਦੀ ਜਾਂਚ ਲਈ ਉਸਨੂੰ 6, 7, 8 ਸਤੰਬਰ 2020 ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਅਤੇ 8 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸੇ ਦਿਨ ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ। ਇਸ ਤੋਂ ਬਾਅਦ ਅਗਲੇ ਮਹੀਨੇ ਯਾਨੀ 7 ਅਕਤੂਬਰ 2020 ਨੂੰ ਰੀਆ ਚੱਕਰਵਰਤੀ ਨੂੰ ਹਾਈ ਕੋਰਟ ਨੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ।


ਇਹ ਵੀ ਪੜ੍ਹੋ: ਕਰਨਾਲ ਤੋਂ ਬਾਰੂਦ ਸਣੇ ਫੜੇ ਗਏ ਸ਼ੱਕੀ ਅੱਤਵਾਦੀਆਂ ਤੋਂ ਐਨਆਈਏ ਕਰੇਗੀ ਪੜਤਾਲ, ਹਰਿਆਣਾ ਪੁਲਿਸ ਨੇ ਕੌਮੀ ਏਜੰਸੀ ਨੂੰ ਸੌਂਪੇ ਦਸਤਾਵੇਜ