ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਉਸ ਦੀ ਭੈਣ ਰੰਗੋਲੀ ਚੰਦੇਲ ਦੀਆ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਕੰਗਨਾ ਅਤੇ ਰੰਗੋਲੀ ਖ਼ਿਲਾਫ਼ ਸੋਸ਼ਲ ਮੀਡੀਆ ਰਾਹੀਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਦੋਵੇਂ ਭੈਣਾਂ ਨੂੰ ਕਈ ਵਾਰ ਪੁਲਿਸ ਸਾਹਮਣੇ ਪੇਸ਼ ਹੋਣ ਲਈ ਬੁਲਾਇਆ ਗਿਆ, ਪਰ ਹੁਣ ਤੱਕ ਦੋਵੇਂ ਪੁਲਿਸ ਸਾਹਮਣੇ ਪੇਸ਼ ਨਹੀਂ ਹੋਈਆਂ। ਜਿਸ ਕਾਰਨ ਮੁੰਬਈ ਹਾਈ ਕੋਰਟ ਨੇ ਕੰਗਨਾ ਅਤੇ ਰੰਗੋਲੀ ਨੂੰ ਹੁਣ ਪੁਲਿਸ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ।


ਕੰਗਨਾ ਰਣੌਤ ਅਤੇ ਰੰਗੋਲੀ ਚੰਦੇਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹਨ। ਦੋਵੇਂ ਸੋਸ਼ਲ ਮੀਡੀਆ 'ਤੇ ਟਵੀਟ ਕਰਦੀਆਂ ਰਹਿੰਦੀਆਂ ਹਨ। ਜਿਸ ਕਾਰਨ ਦੋਵੇਂ ਭੈਣਾਂ ਹਮੇਸ਼ਾ ਲਾਈਮ ਲਾਈਟ ਵਿੱਚ ਰਹਿੰਦੀਆਂ ਹਨ। ਹੁਣ ਇਹ ਖ਼ਬਰ ਮਿਲੀ ਹੈ ਕਿ ਬੋਂਬੇ ਹਾਈ ਕੋਰਟ ਨੇ ਅਦਾਕਾਰਾ ਕੰਗਨਾ ਰਣੌਤ ਅਤੇ ਉਸ ਦੀ ਭੈਣ ਰੰਗੋਲੀ ਚੰਦੇਲ ਨੂੰ 8 ਜਨਵਰੀ ਤੋਂ ਪਹਿਲਾਂ ਪੁਲਿਸ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ। ਉਸ ਤੋਂ ਪਹਿਲਾਂ ਇਨ੍ਹਾਂ ਨੇ ਪੁਲਿਸ ਨੂੰ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਾ ਕਰਨ ਲਈ ਵੀ ਕਿਹਾ ਗਿਆ।


ਦਰਅਸਲ, ਕੁਝ ਦਿਨ ਪਹਿਲਾਂ ਕਾਸਟਿੰਗ ਡਾਇਰੈਕਟਰ ਮੁਨੱਵਰ ਅਲੀ ਸਯਦ ਨੇ ਕੰਗਨਾ ਅਤੇ ਰੰਗੋਲੀ 'ਤੇ ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਸੋਸ਼ਲ ਮੀਡੀਆ ਰਾਹੀਂ ਦੋ ਧਰਮਾ ਵਿਚਕਾਰ ਦੁਸ਼ਮਣੀ ਵਧਾਉਣ ਦਾ ਦੋਸ਼ ਲਾਇਆ ਸੀ। ਉਸ ਨੇ ਪੁਲਿਸ ਸ਼ਿਕਾਇਤ ਵੀ ਦਰਜ ਕਰਵਾਈ। ਉਦੋਂ ਤੋਂ ਦੋਵੇਂ ਭੈਣਾਂ ਨੂੰ ਲਗਾਤਾਰ ਪੁਲਿਸ ਸਾਹਮਣੇ ਪੇਸ਼ ਹੋਣ ਲਈ ਕਿਹਾ ਜਾ ਰਿਹਾ ਹੈ। ਪਰ ਹੁਣ ਤੱਕ ਦੋਵੇਂ ਪੁੱਛਗਿੱਛ ਲਈ ਪੁਲਿਸ ਕੋਲ ਨਹੀਂ ਪਹੁੰਚੀਆਂ।