ਚੰਡੀਗੜ੍ਹ: ਕੋਰੋਨਾਵਾਇਰਸ ਮਹਾਮਾਰੀ ਦੇ ਦੌਰ 'ਚ ਬਾਲੀਵੁੱਡ ਨੂੰ ਇੱਕ ਤੋਂ ਬਾਅਦ ਇੱਕ ਵੱਡਾ ਝਟਕਾ ਲੱਗਾ ਹੈ। ਪਹਿਲਾਂ ਲੌਕਡਾਊਨ ਦੌਰਾਨ ਮਹਾਨ ਅਦਾਕਾਰ ਇਰਫਾਨ ਖਾਨ ਤੇ ਰਿਸ਼ੀ ਕਪੂਰ ਫਿਲਮ ਜਗਤ ਨੂੰ ਅਲਵੀਦਾ ਕਹਿ ਗਏ। ਫਿਰ ਕੁਝ ਦਿਨ ਪਹਿਲਾਂ ਸੰਗੀਤਕਾਰ ਵਾਜਿਦ ਖਾਨ ਵੀ ਇਸ ਜਗ 'ਤੋਂ ਰੁੱਖਸੱਤ ਹੋ ਗਏ। ਅੱਜ 34 ਸਾਲਾ ਬਾਲੀਵੁੱਡ ਅਤੇ ਟੀਵੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕਰ ਲਈ।

ਉਸ ਦੀ ਮੌਤ ਨੇ ਪੂਰੀ ਫ਼ਿਲਮ ਤੇ ਟੈਲੀਵਿਜ਼ਨ ਇੰਡਸਟਰੀ ਨੂੰ ਸਦਮੇ ਵਿੱਚ ਪਾ ਦਿੱਤਾ ਹੈ। ਸ਼ੁਰੂਆਤੀ ਮੀਡੀਆ ਰਿਪੋਰਟਾਂ ਮੁਤਾਬਿਕ ਪਤਾ ਲੱਗਾ ਹੈ ਕਿ ਸੁਸ਼ਾਂਤ ਸਿੰਘ ਡਿਪਰੈਸ਼ਨ ਦਾ ਸ਼ਿਕਾਰ ਸੀ। ਖੁਦਕੁਸ਼ੀ ਦੇ ਸਮੇਂ ਸੁਸ਼ਾਂਤ ਸਿੰਘ ਰਾਜਪੂਤ ਦੇ ਦੋਸਤ ਵੀ ਉਨ੍ਹਾਂ ਦੇ ਘਰ ਦੇ ਵਿੱਚ ਮੌਜੂਦ ਸਨ। ਜਦੋਂ ਸਵੇਰੇ ਸੁਸ਼ਾਂਤ ਸਿੰਘ ਰਾਜਪੂਤ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਉਸ ਦੇ ਕਮਰੇ ਵਿੱਚ ਜਾਣ ਤੇ ਪਤਾ ਲੱਗਾ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਇਹ ਕਦਮ ਚੁੱਕ ਲਿਆ ਹੈ।




ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰੋਫੈਸ਼ਨਲ ਕਰੀਅਰ ਦੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਫਿਰ ਵੀ ਉਹ ਡਿਪਰੈਸ਼ਨ ਨਾਲ ਜੂਝ ਰਿਹਾ ਸੀ।ਸੁਸ਼ਾਂਤ ਸਿੰਘ ਰਾਜਪੂਤ ਦੇ ਨੌਕਰ ਨੇ ਪੁਲੀਸ ਨੂੰ ਉਨ੍ਹਾਂ ਦੀ ਖ਼ੁਦਕੁਸ਼ੀ ਦੀ ਜਾਣਕਾਰੀ ਦਿੱਤੀ।ਤੁਹਾਨੂੰ ਦਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਪਿਛਲੇ ਛੇ ਮਹੀਨੇ ਤੋਂ ਡਿਪਰੈਸ਼ਨ ਦੇ ਵਿੱਚ ਸੀ।



ਅਦਾਕਾਰ ਨੂੰ ਆਖਰੀਵਾਰ ਸਕਰੀਨ ਤੇ NETFLIX ਦੀ ਫਿਲਮ ਡਰਾਇਵ ਵਿੱਚ ਵੇਖਿਆ ਗਿਆ ਸੀ। ਜਿਸ ਵਿੱਚ ਉਹ ਅਦਾਕਾਰਾ ਜੈਕਲਿਨ ਫ੍ਰਨਾਨਡੇਜ਼ ਨਾਲ ਨਜ਼ਰ ਆਇਆ ਸੀ।ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਟਾਰ ਪਲੱਸ ਦੇ ਸ਼ੋਅ ਕਿਸ ਦੇਸ਼ ਮੈਂ ਹੈ ਮੇਰਾ ਦਿਲ ਨਾਲ ਕੀਤੀ ਅਤੇ ਜ਼ੀ ਟੀਵੀ ਦੇ ਸ਼ੋਅ ਪਵਿੱਤਰ ਰਿਸ਼ਤਾ ਵਿੱਚ ਮਾਨਵ ਦੇਸ਼ਮੁਖ ਦੀ ਮੁੱਖ ਭੂਮਿਕਾ ਨਿਭਾਉਣ ਤੋਂ ਬਾਅਦ ਪ੍ਰਮੁੱਖਤਾ ਹਾਸਿਲ ਕੀਤੀ।ਉਸਨੇ ਟੀਵੀ ਰਿਐਲਿਟੀ ਸ਼ੋਅ ਝਲਕ ਦਿਖਲਾ ਜਾ, ਸੀਜ਼ਨ ਚਾਰ ਅਤੇ ਜ਼ਾਰਾ ਨੱਚ ਕੇ ਦਿਖਾ ਵਿੱਚ ਵੀ ਹਿੱਸਾ ਲਿਆ ਸੀ।




ਨੌਜਵਾਨ ਅਭਿਨੇਤਾ ਨੇ ਜਲਦੀ ਹੀ ਅਭਿਸ਼ੇਕ ਕਪੂਰ ਦੀ ਫਿਲਮ 'ਕਾਏ ਪੋ ਚੀ' ਨਾਲ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ ਜਿਸ ਲਈ ਉਸਨੂੰ ਸਕ੍ਰੀਨ ਅਵਾਰਡਜ਼ ਵਿੱਚ ਬੈਸਟ ਮੇਲ ਡੈਬਿਊ ਪੁਰਸਕਾਰ ਵੀ ਮਿਲਿਆ।ਸ਼ੁੱਧ ਦੇਸੀ ਰੋਮਾਂਸ, ਪੀਕੇ ਅਤੇ ਜਾਸੂਸ ਬਯੋਮਕੇਸ਼ ਬਕਸ਼ੀ ਵਰਗੀਆਂ ਫਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਸੁਸ਼ਾਂਤ ਨੇ ਨੀਰਜ ਪਾਂਡੇ ਦੀ ਧੋਨੀ: ਦਿ ਅਨਟੋਲਡ ਸਟੋਰੀ ਵਿੱਚ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਭੂਮਿਕਾ ਨਿਭਾਈ।ਜਿਸ ਲਈ ਉਸਨੇ ਖੂਬ ਪ੍ਰਸੰਸਾ ਵੀ ਪ੍ਰਾਪਤ ਕੀਤੀ।





ਸੁਸ਼ਾਂਤ ਸਿੰਘ ਰਾਜਪੂਤ ਨੇ ਰਾਜਕੁਮਾਰ ਹਿਰਾਨੀ, ਨਿਤੇਸ਼ ਤਿਵਾੜੀ, ਅਭਿਸ਼ੇਕ ਚੌਬੇ, ਦਿਬਾਕਰ ਬੈਨਰਜੀ ਅਤੇ ਨੀਰਜ ਪਾਂਡੇ ਵਰਗੇ ਫਿਲਮ ਨਿਰਮਾਤਾਵਾਂ ਨਾਲ ਕੰਮ ਕੀਤਾ।ਸੁਸ਼ਾਂਤ ਨੂੰ ਆਖਰੀ ਵਾਰ ਸਿਲਵਰ ਸਕ੍ਰੀਨ ਉੱਤੇ ਨੀਤੇਸ਼ ਤਿਵਾੜੀ ਦੀ ਫਿਲਮ ਛੀਛੋਰ ਵਿੱਚ ਦੇਖਿਆ ਗਿਆ ਸੀ। ਉਸਨੇ ਫਿਲਮ ਵਿੱਚ ਸ਼ਰਧਾ ਕਪੂਰ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ।




ਇਹ ਵੀ ਪੜ੍ਹੋ: ਰਾਮਦੇਵ ਦੀ ਪਤੰਜਲੀ ਨੇ ਲੱਭ ਲਿਆ ਕੋਰੋਨਾ ਦਾ ਇਲਾਜ, ਕੀਤਾ ਵੱਡਾ ਦਾਅਵਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ