ਬਾਲੀਵੁੱਡ ਦੇ ਦਿੱਗਜ ਲੇਖਕ ਜਾਵੇਦ ਅਖ਼ਤਰ ਅੱਜ 76 ਸਾਲ ਦੇ ਹੋ ਗਏ ਹਨ। ਜਾਵੇਦ ਅਖਤਰ ਨੇ ਹਿੰਦੀ ਫ਼ਿਲਮ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਤੇ ਫ਼ਿਲਮਾਂ ਦਿਤੀਆਂ ਹਨ। ਗੀਤਕਾਰੀ, ਸਕ੍ਰਿਪਟ ਰਾਈਟਿੰਗ ਦੇ ਨਾਲ-ਨਾਲ ਜਾਵੇਦ ਅਖ਼ਤਰ ਇਕ ਮਹਾਨ ਕਵੀ ਵੀ ਹਨ। ਜਾਵੇਦ ਅਖ਼ਤਰ ਨੂੰ ਉਨ੍ਹਾਂ ਦੀ ਬਾਕਮਾਲ ਕਲਮ ਕਾਰਨ ਪੱਧਮ ਸ਼੍ਰੀ, ਪੱਧਮ ਭੂਸ਼ਨ, ਸਾਹਿਤ ਅਕੈਡਮੀ ਐਵਾਰਡ ਅਤੇ ਪੰਜ ਵਾਰ ਨੈਸ਼ਨਲ ਫ਼ਿਲਮ ਐਵਾਰਡ ਦੇ ਨਾਲ ਵੀ ਨਵਾਜ਼ਿਆ ਜਾ ਚੁੱਕਾ ਹੈ।


ਜਾਵੇਦ ਅਖਤਰ ਨੂੰ ਲੇਖਕ ਦੀ ਦੁਨੀਆ ਦਾ ਉਸਤਾਦ ਕਿਹਾ ਜਾਂਦਾ ਹੈ। ਬਹੁਤ ਘਟ ਲੋਕਾਂ ਨੂੰ ਪਤਾ ਹੈ ਕਿ ਜਾਵੇਦ ਅਖ਼ਤਰ ਗੀਤ ਤੇ ਸਕ੍ਰਿਪਟ ਲਿਖਣ ਤੋਂ ਪਹਿਲਾਂ ਇਕ ਕਲੈਪਰ ਬੁਆਏ ਦਾ ਕੰਮ ਕਰਦੇ ਸੀ। ਪਰ ਜੱਦ ਉਨ੍ਹਾਂ ਨੂੰ ਲਿਖਣ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਇਸ ਨੂੰ ਬਾਖੂਬੀ ਨਿਭਾਇਆ।




ਜਾਵੇਦ ਅਖ਼ਤਰ ਸ਼ੁਰੂਆਤ 'ਚ ਡਾਇਲੋਗ ਰਾਈਟਰ ਸੀ, ਪਰ ਫਿਰ ਉਨ੍ਹਾਂ ਨੇ ਸਕ੍ਰਿਪਟ ਲਿਖਣੀਆਂ ਤੇ ਫ਼ਿਲਮਾਂ ਲਈ ਗੀਤ ਲਿਖਣੇ ਵੀ ਸ਼ੁਰੂ ਕਰ ਦਿੱਤੇ। ਜਾਵੇਦ ਅਖ਼ਤਰ ਨੂੰ ਲਿਖਣ ਤਾਲੀਮ ਉਨ੍ਹਾਂ ਦੇ ਪਿਤਾ ਜਾਂਨਿਸਾਰ ਅਖ਼ਤਰ ਤੋਂ ਮਿਲੀ ਸੀ, ਜੋ ਕਿ ਉਰਦੂ ਕਵੀ ਸੀ। ਜਾਂਨਿਸਾਰ ਅਖ਼ਤਰ ਨੇ ਬਾਲੀਵੁੱਡ ਫ਼ਿਲਮਾਂ ਲਈ ਵੀ ਕਈ ਗੀਤ ਲਿਖੇ ਹਨ। ਆਪਣੇ ਪਿਤਾ ਦੇ ਨਕਸ਼ੇ ਕਦਮ 'ਤੇ ਚਲਦਿਆਂ ਜਾਵੇਦ ਅਖ਼ਤਰ ਅੱਜ ਬਾਲੀਵੁੱਡ ਦੇ ਦਿਗਜ ਲੇਖਕਾਂ 'ਚੋ ਇਕ ਹਨ।