Vitamin D Deficiency: ਵਿਟਾਮਿਨ ਡੀ ਇੱਕ ਮਹੱਤਵਪੂਰਨ ਪੋਸ਼ਣ ਤੱਤ ਹੈ ਜੋ ਸਾਡੀ ਸਰੀਰਕ ਸਿਹਤ ਲਈ ਬਹੁਤ ਜ਼ਰੂਰੀ ਹੈ। ਇਹ ਖ਼ਾਸ ਤੌਰ 'ਤੇ ਹੱਡੀਆਂ ਦੀ ਮਜ਼ਬੂਤੀ, ਰੋਗ-ਪ੍ਰਤੀਰੋਧਕ ਤੰਤਰ (Immune system) ਅਤੇ ਮਾਸਪੇਸ਼ੀਆਂ ਦੇ ਸਹੀ ਕੰਮ ਕਰਨ ਲਈ ਲਾਜ਼ਮੀ ਹੁੰਦਾ ਹੈ। ਇਸ ਦੀ ਘਾਟ ਕਾਰਨ ਸਰੀਰ ਵਿੱਚ ਕਈ ਕਿਸਮ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਵਿਟਾਮਿਨ ਡੀ ਦੀ ਘਾਟ ਕਾਰਨ ਲਗਾਤਾਰ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰਨਾ ਇੱਕ ਆਮ ਲੱਛਣ ਹੈ। ਇਸ ਦੀ ਕਮੀ ਨਾਲ ਸਰੀਰ ਵਿੱਚ ਊਰਜਾ ਦਾ ਪੱਧਰ ਘਟ ਜਾਂਦਾ ਹੈ, ਜਿਸ ਕਾਰਨ ਮਨੁੱਖ ਨੂੰ ਹਰ ਵੇਲੇ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ। ਜੇ ਤੁਸੀਂ ਲਗਾਤਾਰ ਥਕੇ ਰਹਿੰਦੇ ਹੋ, ਮਾਸਪੇਸ਼ੀਆਂ ਵਿੱਚ ਦਰਦ ਰਹਿੰਦਾ ਹੈ ਜਾਂ ਤੁਸੀਂ ਅਕਸਰ ਬਿਮਾਰ ਹੋ ਜਾਂਦੇ ਹੋ, ਤਾਂ ਇਹ ਵਿਟਾਮਿਨ ਡੀ ਦੀ ਘਾਟ ਦੇ ਸੰਕੇਤ ਹੋ ਸਕਦੇ ਹਨ। ਇਹ ਵਿਟਾਮਿਨ ਹੱਡੀਆਂ ਦੀ ਮਜ਼ਬੂਤੀ ਅਤੇ ਰੋਗ-ਪ੍ਰਤੀਰੋਧਕ ਤਾਕਤ ਲਈ ਬਹੁਤ ਜ਼ਰੂਰੀ ਹੈ।
ਵਿਟਾਮਿਨ ਡੀ ਦੀ ਘਾਟ ਹੱਡੀਆਂ ਅਤੇ ਜੋੜਾਂ ਦੇ ਦਰਦ ਨਾਲ ਜੁੜੀ ਹੋ ਸਕਦੀ ਹੈ। ਇਹ ਵਿਟਾਮਿਨ ਕੈਲਸ਼ੀਅਮ ਦੇ ਸ਼ੋਸ਼ਣ ਵਿੱਚ ਮਦਦ ਕਰਦਾ ਹੈ, ਜੋ ਕਿ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਜ਼ਰੂਰੀ ਹੁੰਦਾ ਹੈ। ਜੇ ਸਰੀਰ ਵਿੱਚ ਵਿਟਾਮਿਨ ਡੀ ਪੂਰੀ ਮਾਤਰਾ ਵਿੱਚ ਨਹੀਂ ਹੋਵੇ, ਤਾਂ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ, ਜਿਸ ਨਾਲ ਜੋੜਾਂ ਵਿੱਚ ਦਰਦ, ਹੱਡੀਆਂ ਦੇ ਟੁੱਟਣ (ਫ੍ਰੈਕਚਰ) ਦਾ ਖ਼ਤਰਾ ਵੱਧ ਜਾਂਦਾ ਹੈ।
ਵਿਟਾਮਿਨ ਡੀ ਦੀ ਘਾਟ ਕਾਰਨ ਮਾਸਪੇਸ਼ੀਆਂ ਵਿੱਚ ਸਖਤੀ ਅਤੇ ਦਰਦ ਹੋ ਸਕਦਾ ਹੈ, ਖ਼ਾਸ ਕਰਕੇ ਉੱਪਰੀ ਬਾਂਹਾਂ ਅਤੇ ਪੱਟਾਂ ਵਿੱਚ। ਇਹ ਸਰੀਰ ਵਿੱਚ ਕੈਲਸ਼ੀਅਮ ਅਤੇ ਫਾਸਫੋਰਸ ਦੇ ਸ਼ੋਸ਼ਣ ਨੂੰ ਵੀ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਪੌੜੀਆਂ ਚੜ੍ਹਨ ਜਾਂ ਕੁਰਸੀ ਤੋਂ ਉਠਣ ਵਿੱਚ ਮੁਸ਼ਕਲ ਆਉਂਦੀ ਹੈ।
ਵਿਟਾਮਿਨ ਡੀ ਦੀ ਘਾਟ ਨਾਲ ਵਾਲਾਂ ਦਾ ਜ਼ਿਆਦਾ ਝੜਨਾ ਇੱਕ ਆਮ ਸਮੱਸਿਆ ਹੈ। ਵਿਟਾਮਿਨ ਡੀ ਵਾਲਾਂ ਦੇ ਰੋਮਾਂ ਦੀ ਸਿਹਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਂਦਾ ਹੈ, ਅਤੇ ਇਸ ਦੀ ਕਮੀ ਨਾਲ ਵਾਲਾਂ ਦੇ ਵਿਕਾਸ ਚੱਕਰ ਵਿੱਚ ਗੜਬੜ ਹੋ ਸਕਦੀ ਹੈ।
ਵਿਟਾਮਿਨ ਡੀ ਦੀ ਕਮੀ ਨੂੰ ਦੂਰ ਕਰਨ ਲਈ ਸਭ ਤੋਂ ਪਹਿਲਾਂ ਧੁੱਪ ਵਿੱਚ ਰਹਿਣ ਦੀ ਆਦਤ ਬਣਾਉਣੀ ਚਾਹੀਦੀ ਹੈ, ਕਿਉਂਕਿ ਸੂਰਜ ਦੀ ਰੋਸ਼ਨੀ ਵਿਚਲੇ UV-B ਕਿਰਣਾਂ ਸਰੀਰ ਵਿੱਚ ਵਿਟਾਮਿਨ ਡੀ ਬਣਾਉਣ ਵਿੱਚ ਮਦਦ ਕਰਦੀਆਂ ਹਨ। ਪਰ ਗਰਮੀਆਂ ਦੀ ਤੇਜ਼ ਧੁੱਪ ਦੇ ਵਿੱਚ ਨਹੀਂ ਜਾਣਾ ਚਾਹੀਦਾ, ਸਗੋ ਸਵੇਰ ਦੀ ਧੁੱਪ ਹੀ ਵਿਟਾਮਿਨ ਡੀ ਲਈ ਚੰਗੀ ਹੁੰਦੀ ਹੈ। ਇਸ ਦੇ ਨਾਲ-ਨਾਲ, ਵਿਟਾਮਿਨ ਡੀ ਨਾਲ ਭਰਪੂਰ ਭੋਜਨ ਜਿਵੇਂ ਕਿ ਅੰਡੇ ਦੀ ਜਰਦੀ, ਮੱਛੀ (ਸੈਲਮਨ, ਟਿਊਨਾ), ਦੂਧ ਅਤੇ ਦੂਧ ਨਾਲ ਬਣੇ ਉਤਪਾਦ, ਅਤੇ ਫੋਰਟੀਫਾਈਡ ਫੂਡਜ਼ (ਜਿਵੇਂ ਕਿ ਅਨਾਜ) ਆਪਣੇ ਖੁਰਾਕ ਵਿੱਚ ਸ਼ਾਮਿਲ ਕਰਨੇ ਚਾਹੀਦੇ ਹਨ। ਜੇਕਰ ਕਮੀ ਗੰਭੀਰ ਹੋਵੇ ਤਾਂ ਡਾਕਟਰੀ ਸਲਾਹ ਅਨੁਸਾਰ ਵਿਟਾਮਿਨ ਡੀ ਦੇ ਸਪਲੀਮੈਂਟ ਵੀ ਲਏ ਜਾ ਸਕਦੇ ਹਨ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।