ਬੰਗਲੌਰ ਪੁਲਿਸ ਨੇ ਮੈਟਰੀਮੋਨੀਅਲ ਸਾਈਟ ਤੇ ਇੱਕ ਮਹਿਲਾ ਨਾਲ 25 ਲੱਖ ਰੁਪਏ ਦੀ ਠੱਗੀ ਦੇ ਇਲਜ਼ਾਮ ਵਿੱਚ  ਨਾਈਜੀਰੀਆ ਦੇ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੂਰਵੀ ਬੰਗਲੌਰ ਵ੍ਹਾਈਟਫੀਲਡ ਸਾਈਬਰ ਇਕਨੌਮਿਕ ਨਾਰਕੋਟਿਕਸ (CEN) ਪੁਲਿਸ ਨੇ ਇਸ ਮਾਮਲੇ ਦਾ ਖੁਲਾਸਾ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਤੇ ਉਸ ਦੇ ਸਾਥੀਆਂ ਨੇ ਵਿਵਾਹਿਕ ਵੈੱਬਸਾਈਟਾਂ ਉੱਤੇ ਫਰਜ਼ੀ ਅਕਾਊਂਟ ਬਣਾ ਕੇ ਕਰੋੜਾਂ ਰੁਪਏ ਦੀ ਠੱਗੀ ਕੀਤੀ ਹੈ।
ਮੁਲਜ਼ਮ ਦੀ ਪਛਾਣ ਬਰੀਥ ਦੇ ਰੂਪ ਵਿਚ ਹੋਈ ਹੈ ਜੋ ਨਾਈਜੀਰੀਆ ਦਾ ਰਹਿਣ ਵਾਲਾ ਹੈ ਤੇ ਆਪਣੀ ਪਤਨੀ ਦੀਵਾਨ ਬਰੀਥ ਦੇ ਨਾਲ ਦਿੱਲੀ ਵਿੱਚ ਰਹਿੰਦਾ ਹੈ। ਇਸ ਸਾਲ ਸਤੰਬਰ ਵਿੱਚ ਬ੍ਰਿਗੇਟ ਦੀ ਮੁਲਾਕਾਤ ਵ੍ਹਾਈਟਫੀਲਡ ਦੀ ਇੱਕੀ ਸਾਲਾ ਮਹਿਲਾ ਦੇ ਨਾਲ ਇਕ ਵਿਵਾਹਿਕ ਵੈੱਬਸਾਈਟ ਉੱਪਰ ਮੁਲਾਕਾਤ ਹੋਈ ਸੀ। ਉਸ ਦੇ ਬਾਅਦ ਵਿਅਕਤੀ ਨੇ ਇੰਜਨੀਅਰ ਸਵੈਨ ਰਾਜ ਕਿਸ਼ੋਰ ਦੇ ਨਾਮ ਤੋਂ ਆਪਣੀ ਪਛਾਣ ਦੱਸੀ ਸੀ।
ਮਹਿਲਾ ਨੇ ਪੁਲਿਸ ਨੂੰ ਦਿੱਤੀ ਸੂਚਨਾ
 ਗੱਲਬਾਤ ਦੇ ਕੁਝ ਦਿਨਾਂ ਬਾਅਦ ਬਰੀਥ ਨੇ ਮਹਿਲਾ ਨੂੰ ਦੱਸਿਆ ਕਿ ਉਸ ਨੂੰ ਕੰਮ ਦੇ ਸਿਲਸਿਲੇ ਵਿੱਚ ਮਲੇਸ਼ੀਆ ਜਾਣਾ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਉਸ ਦਾ ਪੈਸਾ ਸਕਾਟਲੈਂਡ ਦੇ ਇੱਕ ਬੈਂਕ ਵਿੱਚ ਫਸ ਗਿਆ ਹੈ ਜਿਸ ਦੇ ਬਾਅਦ ਮਹਿਲਾ ਨੇ 13 ਤੋਂ 16 ਅਕਤੂਬਰ ਦੇ ਵਿਚ ਲਗਪਗ 25 ਲੱਖ ਰੁਪਏ ਟਰਾਂਸਫਰ ਕੀਤੇ।
ਮਹਿਲਾ ਨੂੰ ਜਦ ਪਤਾ ਲੱਗਾ ਕਿ ਉਸ ਦੇ ਨਾਲ ਧੋਖਾ ਹੋਇਆ ਹੈ। ਉਸ ਨੇ ਪੁਲਸ ਦੇ ਨਾਲ ਸੰਪਰਕ ਕੀਤਾ। ਪੁਲਿਸ ਨੇ ਦਿੱਲੀ ਵਿੱਚ ਬਰੀਥ ਦੇ ਅਪਾਰਟਮੈਂਟ ਵਿਚ ਛਾਪਾ ਮਾਰਿਆ। ਪੁਲੀਸ ਅਨੁਸਾਰ ਬਰੀਥ ਇਸੇ ਤਰ੍ਹਾਂ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਹੈਅਤੇ ਬੜੇ ਵੱਡੇ ਨੈੱਟਵਰਕ ਦਾ ਹਿੱਸਾ ਹੋ ਸਕਦਾ ਹੈ। ਪੁਲਿਸ ਨੇ ਦੱਸਿਆ ਕਿ ਬਰੀਥ ਤੇ ਉਸ ਦੀ ਪਤਨੀ ਦੇ ਨਾਲ ਇੱਕ ਹੋਰ ਚਾਰ ਮੈਂਬਰੀ ਗਰੋਹ ਇਸ ਘੁਟਾਲੇ ਵਿੱਚ ਸ਼ਾਮਲ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਮਾਮਲੇ ਦੀ ਜਾਂਚ ਵਿੱਚ ਜੁਟੀ ਪੁਲਿਸ  
ਜਾਂਚ ਦੇ ਦੌਰਾਨ ਪੁਲੀਸ ਨੂੰ ਪਤਾ ਲੱਗਿਆ ਹੈ ਕਿ ਬਰੀਥ ਦੇ ਭਾਰਤ ਵਿੱਚ ਘੱਟ ਤੋਂ ਘੱਟ 38 ਬੈਂਕ ਖਾਤੇ ਤੇ ਵਿਦੇਸ਼ ਵਿਚ 30 ਬੈਂਕ ਖਾਤੇ ਹਨ ਜਿਥੋਂ ਪੈਸਾ ਡਾਈਵਰਟ ਕੀਤਾ ਗਿਆ ਸੀ ।ਇਨ੍ਹਾਂ ਖਾਤਿਆਂ ਰਾਹੀਂ ਨਾਈਜੀਰੀਆ ਵਿਚ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਪੈਸੇ ਭੇਜੇ ਜਾ ਰਹੇ ਸਨ। ਪੁਲਿਸ ਨੇ ਦੱਸਿਆ ਕਿ ਸਾਨੂੰ ਸ਼ੱਕ ਹੈ ਕਿ ਗਰੋਹ ਨੇ ਮੈਟ੍ਰੀਮੋਨੀਅਲ ਵੈੱਬਸਾਈਟਾਂ ਰਾਹੀਂ ਲੋਕਾਂ ਤੋਂ ਲਗਪਗ 10 ਕਰੋੜ ਰੁਪਏ ਦੀ ਠੱਗੀ ਕੀਤੀ ਹੈ। ਉਹ ਇਸ ਮਾਮਲੇ  ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ।