CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ ਬਾਰਸ਼ ਤੇ ਗੜ੍ਹਿਆਂ ਨਾਲ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਹੈ ਕਿ ਪਿਛਲੇ ਦਿਨੀਂ ਮੀਂਹ ਕਰਕੇ ਫਸਲਾਂ ਖਰਾਬ ਹੋਈਆਂ ਹਨ। ਖੇਤਾਂ 'ਚ ਖੜ੍ਹੀ ਕਣਕ ਦੀ ਫ਼ਸਲ ਦੇ ਨੁਕਸਾਨ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਅੰਨਦਾਤੇ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦਿਆਂਗੇ।
ਉਨ੍ਹਾਂ ਟਵੀਟ ਕਰਦਿਆਂ ਲਿਖਿਆ ,ਪਿਛਲੇ 3 ਦਿਨਾਂ 'ਚ ਪੰਜਾਬ ਦੇ ਕਈ ਇਲਾਕਿਆਂ 'ਚ ਪਏ ਮੀਂਹ ਕਰਕੇ ਕਿਸਾਨਾਂ ਦੀ ਖੇਤਾਂ 'ਚ ਤਿਆਰ ਖੜ੍ਹੀ ਕਣਕ ਦੀ ਫ਼ਸਲ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ...ਜਿਸ ਕਰਕੇ ਮੈਂ ਅਫ਼ਸਰਾਂ ਨੂੰ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਨੇ...ਸਾਡੀ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ ਤੇ ਅੰਨਦਾਤੇ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦਿਆਂਗੇ...
ਇਸ ਤੋਂ ਪਹਿਲਾਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਦਾਅਵਾ ਕੀਤਾ ਸੀ ਕਿ ਬੇਮੌਸਮੀ ਬਾਰਸ਼ ਤੇ ਗੜਿਆਂ ਨਾਲ ਫਸਲਾਂ ਦਾ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਇਹ ਅਨੁਮਾਨ ਮੁੱਢਲੀਆਂ ਰਿਪੋਰਟਾਂ ਦੇ ਅਧਾਰਤ ਹੈ। ਉਂਝ ਸੂਬਿਆਂ ਤੋਂ ਪੂਰੀਆਂ ਰਿਪੋਰਟਾਂ ਮਗਰੋਂ ਪੂਰਾ ਪਤਾ ਲੱਗੇਗਾ।
ਇਹ ਵੀ ਪੜ੍ਹੋ :ਅਦਾਲਤ ਦਾ ਵੱਡਾ ਸਵਾਲ, ਕਾਫਲੇ 'ਚੋਂ ਸਾਥੀਆਂ ਨੂੰ ਫੜ ਲਿਆ ਤਾਂ ਅੰਮ੍ਰਿਤਪਾਲ ਕਿਵੇਂ ਫਰਾਰ ਹੋ ਗਿਆ...ਚਾਰ ਦਿਨਾਂ 'ਚ ਮੰਗੀ ਰਿਪੋਰਟ
ਦੱਸ ਦਈਏ ਕਿ ਕਿ ਪੰਜਾਬ ਤੇ ਹਰਿਆਣਾ ਵਿੱਚ ਕਣਕ ਦੀ ਫਸਲ ਤਿਆਰ ਹੋਣ ਕੰਢੇ ਪਹੁੰਚ ਚੁੱਕੀ ਹੈ। ਇਸ ਸਮੇਂ ਮੀਂਹ ਤੇ ਤੇਜ਼ ਹਵਾਵਾਂ ਕਰਕੇ ਪੱਕੀ ਹੋਈ ਫਸਲ ਹੇਠਾਂ ਡਿੱਗ ਗਈ ਹੈ। ਇਸ ਨਾਲ ਕਣਕ ਦਾ ਦਾਣਾ ਸੁੰਗੜ ਜਾਵੇਗਾ ਤੇ ਫਸਲ ਦੇ ਝਾੜ ’ਤੇ ਵੀ ਅਸਰ ਦੇਖਣ ਨੂੰ ਮਿਲੇਗਾ। ਤੇਜ਼ ਮੀਂਹ ਪੈਣ ਕਰਕੇ ਖੇਤ ਪਾਣੀ ਵਿੱਚ ਡੁੱਬ ਗਏ ਹਨ ਜੋ ਫਸਲ ਲਈ ਨੁਕਸਾਨਦਾਇਕ ਸਾਬਤ ਹੋਵੇਗਾ। ਮੀਂਹ ਦਾ ਫਲ ਤੇ ਸਬਜ਼ੀਆਂ ਦੀ ਫਸਲ ’ਤੇ ਵੀ ਅਸਰ ਪਵੇਗਾ।