Agriculture News: ਬੇਮੌਸਮੀ ਬਾਰਸ਼ ਤੇ ਗੜਿਆਂ ਨਾਲ ਫਸਲਾਂ ਦਾ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ। ਇਹ ਦਾਅਵਾ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਨੁਮਾਨ ਮੁੱਢਲੀਆਂ ਰਿਪੋਰਟਾਂ ਦੇ ਅਧਾਰਤ ਹੈ। ਉਂਝ ਸੂਬਿਆਂ ਤੋਂ ਪੂਰੀਆਂ ਰਿਪੋਰਟਾਂ ਮਗਰੋਂ ਪੂਰਾ ਪਤਾ ਲੱਗੇਗਾ।
ਨਰਿੰਦਰ ਤੋਮਰ ਨੇ ਕਿਹਾ ਕਿ ਬੇਮੌਸਮੀ ਬਾਰਸ਼ ਤੇ ਗੜਿਆਂ ਨੇ ਹਾੜ੍ਹੀ ਦੀਆਂ ਫਸਲਾਂ ਨੂੰ ਬਹੁਤਾ ਨੁਕਸਾਨ ਨਹੀਂ ਕੀਤਾ ਪਰ ਰਾਜਾਂ ਤੋਂ ਪੂਰੀਆਂ ਰਿਪੋਰਟਾਂ ਆਉਣੀਆਂ ਹਨ। ਸੋਮਵਾਰ ਨੂੰ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਸਰ੍ਹੋਂ ਤੇ ਛੋਲਿਆਂ ਦੀ ਫਸਲ ਬਾਰੇ ਕੋਈ ਚਿੰਤਾ ਨਹੀਂ ਕਿਉਂਕਿ ਇਸ ਦੀ ਜ਼ਿਆਦਾਤਰ ਕਟਾਈ ਹੋ ਚੁੱਕੀ ਹੈ। ਕਣਕ ਦੀ ਫਸਲ ਨੂੰ ਕੁਝ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪੁਲਿਸ ਨੇ ਗੁਰਦੁਆਰਾ ਸੋਹਾਣਾ ਸਾਹਿਬ ਬਾਹਰ ਚੱਲ ਰਿਹਾ ਧਰਨਾ ਚੁਕਵਾਇਆ, ਧਰਨਾਕਾਰੀ ਹਿਰਾਸਤ 'ਚ ਲਏ
ਦੱਸ ਦਈਏ ਕਿ ਸਰਕਾਰ ਨੇ 2022-23 ਫਸਲੀ ਸਾਲ (ਜੁਲਾਈ-ਜੂਨ) ਲਈ 11.22 ਲੱਖ ਟਨ ਕਣਕ ਦੀ ਰਿਕਾਰਡ ਪੈਦਾਵਾਰ ਦਾ ਅਨੁਮਾਨ ਲਗਾਇਆ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਝਾਰਖੰਡ, ਬਿਹਾਰ, ਉੱਤਰਾਖੰਡ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਵਾਢੀ ਅੱਗੇ ਪਾਉਣ ਦੀ ਸਲਾਹ ਦਿੱਤੀ ਹੈ।
ਉਧਰ, ਪੰਜਾਬ ਵਿੱਚ ਪਿਛਲੇ ਤਿੰਨ-ਚਾਰ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਤੋਂ ਬਾਅਦ ਸੋਮਵਾਰ ਦੁਪਹਿਰ ਸਮੇਂ ਪਏ ਗੜਿਆਂ, ਮੀਂਹ ਤੇ ਤੇਜ਼ ਹਵਾਵਾਂ ਨੇ ਖੇਤਾਂ ਵਿੱਚ ਤਿਆਰ ਖੜ੍ਹੀ ਹਾੜੀ ਦੀ ਫਸਲ ਡੇਗ ਦਿੱਤੀ ਹੈ। ਪਟਿਆਲਾ ਤੇ ਮੋਗਾ ਸਮੇਤ ਕਈ ਥਾਵਾਂ ਉਪਰ ਗੜੇ ਪੈਣ ਦੀਆਂ ਰਿਪੋਰਟਾਂ ਹਨ। ਇਨ੍ਹਾਂ ਇਲਾਕਿਆਂ ਵਿੱਚ ਕਣਕ ਦੀ ਫਸਲ ਦਾ ਜ਼ਿਆਦਾ ਨੁਕਸਾਨ ਹੋਣ ਦਾ ਖਦਸ਼ਾ ਹੈ।
ਦੱਸ ਦਈਏ ਕਿ ਕਿ ਪੰਜਾਬ ਤੇ ਹਰਿਆਣਾ ਵਿੱਚ ਕਣਕ ਦੀ ਫਸਲ ਤਿਆਰ ਹੋਣ ਕੰਢੇ ਪਹੁੰਚ ਚੁੱਕੀ ਹੈ। ਇਸ ਸਮੇਂ ਮੀਂਹ ਤੇ ਤੇਜ਼ ਹਵਾਵਾਂ ਕਰਕੇ ਪੱਕੀ ਹੋਈ ਫਸਲ ਹੇਠਾਂ ਡਿੱਗ ਗਈ ਹੈ। ਇਸ ਨਾਲ ਕਣਕ ਦਾ ਦਾਣਾ ਸੁੰਗੜ ਜਾਵੇਗਾ ਤੇ ਫਸਲ ਦੇ ਝਾੜ ’ਤੇ ਵੀ ਅਸਰ ਦੇਖਣ ਨੂੰ ਮਿਲੇਗਾ। ਤੇਜ਼ ਮੀਂਹ ਪੈਣ ਕਰਕੇ ਖੇਤ ਪਾਣੀ ਵਿੱਚ ਡੁੱਬ ਗਏ ਹਨ ਜੋ ਫਸਲ ਲਈ ਨੁਕਸਾਨਦਾਇਕ ਸਾਬਤ ਹੋਵੇਗਾ। ਮੀਂਹ ਦਾ ਫਲ ਤੇ ਸਬਜ਼ੀਆਂ ਦੀ ਫਸਲ ’ਤੇ ਵੀ ਅਸਰ ਪਵੇਗਾ।