Agricultute News: ਪੰਜਾਬ ਵਿੱਚ ਮੌਸਮ ਨੇ ਫਿਰ ਤਬਾਹੀ ਮਚਾਈ ਹੈ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਤੋਂ ਬਾਅਦ ਸੋਮਵਾਰ ਦੁਪਹਿਰ ਸਮੇਂ ਪਏ ਗੜਿਆਂ, ਮੀਂਹ ਤੇ ਤੇਜ਼ ਹਵਾਵਾਂ ਨੇ ਖੇਤਾਂ ਵਿੱਚ ਤਿਆਰ ਖੜ੍ਹੀ ਹਾੜੀ ਦੀ ਫਸਲ ਡੇਗ ਦਿੱਤੀ ਹੈ। ਪਟਿਆਲਾ ਤੇ ਮੋਗਾ ਸਮੇਤ ਕਈ ਥਾਵਾਂ ਉਪਰ ਗੜੇ ਪੈਣ ਦੀਆਂ ਰਿਪੋਰਟਾਂ ਹਨ। ਇਨ੍ਹਾਂ ਇਲਾਕਿਆਂ ਵਿੱਚ ਕਣਕ ਦੀ ਫਸਲ ਦਾ ਜ਼ਿਆਦਾ ਨੁਕਸਾਨ ਹੋਣ ਦਾ ਖਦਸ਼ਾ ਹੈ।
ਉਧਰ, ਭਾਰੀ ਮੀਂਹ ਕਰਕੇ ਖੇਤ ਪਾਣੀ ਵਿੱਚ ਡੁੱਬ ਗਏ ਹਨ ਤੇ ਤੇਜ਼ ਹਵਾਵਾਂ ਕਰਕੇ ਤਿਆਰ ਖੜ੍ਹੀ ਫਸਲ ਵੀ ਡਿੱਗ ਗਈ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 21 ਤੇ 22 ਮਾਰਚ ਨੂੰ ਹਲਕਾ ਤੇ 23 ਤੇ 24 ਨੂੰ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ। ਇਸ ਦੇ ਨਾਲ ਹੀ 40 ਤੋਂ 50 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਦੱਸ ਦਈਏ ਕਿ ਕਿ ਪੰਜਾਬ ਤੇ ਹਰਿਆਣਾ ਵਿੱਚ ਕਣਕ ਦੀ ਫਸਲ ਤਿਆਰ ਹੋਣ ਕੰਢੇ ਪਹੁੰਚ ਚੁੱਕੀ ਹੈ। ਇਸ ਸਮੇਂ ਮੀਂਹ ਤੇ ਤੇਜ਼ ਹਵਾਵਾਂ ਕਰਕੇ ਪੱਕੀ ਹੋਈ ਫਸਲ ਹੇਠਾਂ ਡਿੱਗ ਗਈ ਹੈ। ਇਸ ਨਾਲ ਕਣਕ ਦਾ ਦਾਣਾ ਸੁੰਗੜ ਜਾਵੇਗਾ ਤੇ ਫਸਲ ਦੇ ਝਾੜ ’ਤੇ ਵੀ ਅਸਰ ਦੇਖਣ ਨੂੰ ਮਿਲੇਗਾ। ਤੇਜ਼ ਮੀਂਹ ਪੈਣ ਕਰਕੇ ਖੇਤ ਪਾਣੀ ਵਿੱਚ ਡੁੱਬ ਗਏ ਹਨ ਜੋ ਫਸਲ ਲਈ ਨੁਕਸਾਨਦਾਇਕ ਸਾਬਤ ਹੋਵੇਗਾ। ਮੀਂਹ ਦਾ ਫਲ ਤੇ ਸਬਜ਼ੀਆਂ ਦੀ ਫਸਲ ’ਤੇ ਵੀ ਅਸਰ ਪਵੇਗਾ।
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਅੱਜ ਸਭ ਤੋਂ ਵੱਧ 28 ਐਮਐਮ ਮੀਂਹ ਪਿਆ ਹੈ। ਇਸੇ ਤਰ੍ਹਾਂ ਰਾਜਧਾਨੀ ਚੰਡੀਗੜ੍ਹ ਵਿੱਚ 18.5 ਐਮਐਮ, ਮੁਹਾਲੀ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਠਾਨਕੋਟ, ਬਰਨਾਲਾ ਤੇ ਫਿਰੋਜ਼ਪੁਰ ਸਣੇ ਸੂਬੇ ਦੇ ਹੋਰਨਾਂ ਇਲਾਕਿਆਂ ਵਿੱਚ ਵੀ ਭਾਰੀ ਮੀਂਹ ਪਿਆ ਹੈ।
ਹਰਿਆਣਾ ਦੇ ਅੰਬਾਲਾ ’ਚ ਸਭ ਤੋਂ ਵੱਧ 38.8 ਐਮਐਮ, ਰੋਹਤਕ ’ਚ 22 ਐਮਐਮ, ਸੋਨੀਪਤ ’ਚ 26 ਐਮਐਮ, ਕਰਨਾਲ ’ਚ 14 ਐੱਮਐੱਮ, ਗੁਰੂਗ੍ਰਾਮ ’ਚ 13 ਐਮਐਮ, ਮਹਿੰਦਰਗੜ੍ਹ ’ਚ 17 ਐਮਐਮ ਮੀਂਹ ਪਿਆ ਹੈ। ਮੀਂਹ ਅਤੇ ਠੰਢੀਆਂ ਹਵਾਲਾਂ ਚੱਲਣ ਕਰਕੇ ਦੋਵਾਂ ਸੂਬਿਆਂ ਵਿੱਚ ਤਾਪਮਾਨ ਵੀ ਆਮ ਨਾਲੋਂ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ।
ਉਧਰ, ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਮੀਂਹ ਪੈਣ ਕਰਕੇ ਵਿਭਾਗ ਨੇ ਜ਼ਿਲ੍ਹਾ ਤੇ ਬਲਾਕ ਪੱਧਰ ’ਤੇ ਟੀਮਾਂ ਦਾ ਗਠਨ ਕਰ ਦਿੱਤਾ ਹੈ ਜਿਨ੍ਹਾਂ ਵੱਲੋਂ ਫਸਲ ਦੇ ਨੁਕਸਾਨ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤਾਂ ਵਿੱਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਖਾਦ ਦੀ ਵਰਤੋਂ ਨਾ ਕੀਤੀ ਜਾਵੇ।