ਬਰਨਾਲਾ: ਪੰਜਾਬ ਦੇ ਨੌਜਵਾਨ ਖੇਤੀਬਾੜੀ ਤੋਂ ਟਾਲਾ ਵਟ ਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ। ਉੱਥੇ ਹੀ ਬਰਨਾਲਾ ਜ਼ਿਲ੍ਹੇ ਦਾ ਇੱਕ ਨੌਜਵਾਨ ਵਿਦੇਸ਼ ਤੋਂ ਪਰਤ ਕੇ ਇਸ ਕਿੱਤੇ ਰਾਹੀਂ ਚੰਗੀ ਕਮਾਈ ਕਰ ਰਿਹਾ ਹੈ। ਬਰਨਾਲਾ ਦੇ ਪਿੰਡ ਹਰੀਗੜ੍ਹ ਦੇ ਰਹਿਣ ਵਾਲਾ ਸੁਖਵਿੰਦਰ ਸਿੰਘ ਸੁੱਖੀ ਸ਼ੇਰਗਿੱਲ ਛੇ ਮਹੀਨੇ ਪਹਿਲਾਂ ਅਮਰੀਕਾ ਤੋਂ ਪੰਜਾਬ ਪਰਤਿਆ ਸੀ। ਇਸ ਤੋਂ ਬਾਅਦ ਉਸ ਨੇ ਕੋਰੋਨਾਵਾਇਰਸ ਦੇ ਲੋਕਡਾਊਨ ਦੌਰਾਨ ਮੱਕੀ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ।
ਸੁਖਵਿੰਦਰ ਸਿੰਘ ਸੁੱਖੀ ਸ਼ੇਰਗਿੱਲ ਨੇ ਕਿਹਾ ਕਿ ਉਹ ਛੇ ਮਹੀਨੇ ਪਹਿਲਾਂ ਅਮਰੀਕਾ ਤੋਂ ਪਰਤਿਆ ਹੈ। ਕੋਰੋਨਾਵਾਇਰਸ ਲੌਕਡਾਉਨ ਦੌਰਾਨ ਉਹ ਘਰ ਵਿੱਚ ਵਿਹਲਾ ਬੈਠਾ ਸੀ। ਇਸ ਕਰਕੇ ਉਸ ਨੇ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਕੇ ਆਪਣੇ ਖੇਤ ਵਿੱਚ ਮੱਕੀ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਮੱਕੀ ਦੇ ਵਿੱਚਕਾਰ ਧਨੀਏ ਦੀ ਖੇਤੀ ਵੀ ਕੀਤੀ ਜਾ ਰਹੀ ਹੈ। ਜਦੋਂ ਉਹ ਧਨੀਏ ਦੀ ਫ਼ਸਲ ਵੇਚਣ ਸਬਜ਼ੀ ਮੰਡੀ ਵਿੱਚ ਗਿਆ ਤਾਂ ਉਸ ਨੂੰ ਨਿਗੂਣਾ ਭਾਅ ਮਿਲਿਆ। ਇਸ ਤੋਂ ਨਿਰਾਸ਼ ਹੋ ਕੇ ਉਸ ਨੇ ਧਨੀਏ ਦੀ ਫ਼ਸਲ ਖੁਦ ਵੇਚਣੀ ਸ਼ੁਰੂ ਕਰ ਦਿੱਤੀ।
ਇਸ ਤੋਂ ਬਾਅਦ ਉਸ ਨੇ ਬਰਨਾਲਾ ਦੇ ਬਾਜ਼ਾਰ ਵਿੱਚ ਰੇਹੜੀਆਂ ਵਾਲਿਆਂ ਨਾਲ ਦੁਕਾਨ ਲਾਉਣੀ ਸ਼ੁਰੂ ਕਰ ਦਿੱਤੀ। ਪਹਿਲੇ ਹੀ ਦਿਨ ਉਸ ਨੂੰ ਚੰਗੀ ਕਮਾਈ ਹੋਈ। ਇਸ ਤੋਂ ਬਾਅਦ ਉਸ ਨੇ ਧਨੀਏ ਦੇ ਨਾਲ ਨਾਲ ਆਪਣੇ ਖੇਤ ਵਿੱਚ ਉਗਾਏ ਜਾ ਰਹੇ ਸਾਗ ਤੇ ਮੱਕੀ ਦੀਆਂ ਛੱਲੀਆਂ ਵੀ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਉਸ ਨੂੰ ਚੰਗੀ ਕਮਾਈ ਹੋ ਰਹੀ ਹੈ।
ਸੁੱਖੀ ਸ਼ੇਰਗਿੱਲ ਨੇ ਦੱਸਿਆ ਕਿ ਪਰਿਵਾਰਕ ਪੱਖ ਤੋਂ ਉਸ ਦੇ ਭਰਾ ਦੀ ਅਮਰੀਕਾ ਵਿੱਚ ਟਰਾਂਸਪੋਰਟਰ ਹਨ ਤੇ ਪੰਜਾਬ ਵਿੱਚ ਵੀ ਉਸ ਕੋਲ ਦਸ ਏਕੜ ਦੇ ਕਰੀਬ ਜ਼ਮੀਨ ਹੈ। ਇਸ ਦੇ ਬਾਵਜੂਦ ਉਸ ਨੂੰ ਖੁਦ ਬਾਜ਼ਾਰ ਵਿੱਚ ਆਪਣੀ ਉਗਾਈ ਸਬਜ਼ੀ ਵੇਚਣ ਵਿੱਚ ਕੋਈ ਸ਼ਰਮਿੰਦਗੀ ਨਹੀਂ। ਉਸ ਦਾ ਐਨਆਰਆਈ ਭਰਾ ਅਤੇ ਪਰਿਵਾਰ ਉਸ ਦੇ ਇਸ ਕੰਮ 'ਚ ਪੂਰਾ ਸਹਿਯੋਗ ਦੇ ਰਿਹਾ ਹੈ। ਕੁਝ ਦੋਸਤ ਮਿੱਤਰ ਵੀ ਉਸ ਦਾ ਲਗਾਤਾਰ ਸਾਥ ਦੇ ਰਹੇ ਹਨ।
ਸਾਵਧਾਨ ਹੋ ਜਾਣ ਕਿਸਾਨ! ਟਿੱਡੀ ਦਲ ਨੂੰ ਲੈ ਕੇ ਅਲਰਟ
ਉਧਰ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਡਾ.ਬਲਦੇਵ ਸਿੰਘ ਨੇ ਕਿਹਾ ਕਿ ਨੌਜਵਾਨ ਸੁਖਵਿੰਦਰ ਸਿੰਘ ਹੋਰਨਾਂ ਨੌਜਵਾਨ ਕਿਸਾਨਾਂ ਲਈ ਇੱਕ ਮਾਰਗਦਰਸ਼ਨ ਬਣਿਆਂ ਹੈ। ਆਪਣੀ ਫਸਲ ਦਾ ਖੁਦ ਮੰਡੀਕਰਨ ਕਰਨ ਨਾਲ ਕਿਸਾਨ ਚੰਗਾ ਮੁਨਾਫ਼ਾ ਕਮਾ ਸਕਦਾ ਹੈ। ਹੋਰਨਾਂ ਨੌਜਵਾਨਾਂ ਤੇ ਕਿਸਾਨਾਂ ਨੂੰ ਵੀ ਇਸ ਤੋਂ ਸੇਧ ਲੈਣ ਦੀ ਲੋੜ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਅਮਰੀਕਾ ਤੋਂ ਪਰਤ ਐਨਆਰਆਈ ਨੇ ਸ਼ੁਰੂ ਕੀਤੀ ਖੇਤੀ, ਹੁਣ ਇੰਝ ਕਰ ਰਿਹਾ ਚੰਗੀ ਕਮਾਈ
ਏਬੀਪੀ ਸਾਂਝਾ Updated at: 14 Jul 2020 04:14 PM (IST)