ਨਵੀਂ ਦਿੱਲੀ: ਬੀਜੇਪੀ ਬੰਗਾਲ ਵਿੱਚ ਪੰਜ ਰਥ ਯਾਤਰਾਵਾਂ ਕੱਢਣ ਦੀ ਤਿਆਰੀ ਕਰ ਰਹੀ ਹੈ। ਰੱਥ ਯਾਤਰਾ ਪੱਛਮੀ ਬੰਗਾਲ ਦੇ ਪੰਜ ਵੱਖ-ਵੱਖ ਖੇਤਰਾਂ ਤੋਂ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਬੰਗਾਲ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਯੋਜਨਾ ਨੂੰ ਵੀ ਅੰਤਮ ਰੂਪ ਦਿੱਤਾ ਗਿਆ ਹੈ। ਬੰਗਾਲ ਚੋਣਾਂ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਭਾਜਪਾ ਦੀ ਤਿੰਨ ਘੰਟਿਆਂ ਦੀ ਲੰਬੀ ਮੰਥਨ ਮੀਟਿੰਗ ਹੋਈ। ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਹਰ ਮਹੀਨੇ ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਬੰਗਾਲ ਦੇ ਘੱਟੋ ਘੱਟ ਦੋ ਦੌਰੇ ਕਰਨਗੇ।

ਇਸ ਦੌਰਾਨ ਉਹ ਬੰਗਾਲ ਵਿੱਚ ਘੱਟੋ ਘੱਟ ਦੋ ਰੈਲੀਆਂ ਅਤੇ ਦੋ ਮੀਟਿੰਗਾਂ ਕਰਨਗੇ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਇਹ ਫੈਸਲਾ ਲਿਆ ਗਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਬੰਗਾਲ ਵਿੱਚ ਜਨਤਕ ਮੀਟਿੰਗਾਂ ਲਈ ਬੁਲਾਇਆ ਜਾਵੇਗਾ। ਪੱਛਮੀ ਬੰਗਾਲ ਵਿੱਚ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ, ਭਾਜਪਾ ਨੇ ਚੋਣਾਂ ਤੋਂ ਠੀਕ ਪਹਿਲਾਂ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਬੰਗਾਲ ਦੇ ਲੋਕਾਂ ਤੱਕ ਪਹੁੰਚਣ ਲਈ ਯਤਨ ਸ਼ੁਰੂ ਕੀਤੇ ਹਨ।

26 ਜਨਵਰੀ ਦੀ ਪਰੇਡ ਨੂੰ ਲੈ ਕੇ ਸੁਪਰੀਮ ਕੋਰਟ ਪਹੁੰਚੀ ਪੁਲਿਸ, ਕਿਸਾਨ ਲੀਡਰਾਂ ਨੇ ਕਰਤਾ ਵੱਡਾ ਐਲਾਨ

ਆਪਣੀ ਨਵੀਂ ਮੁਹਿੰਮ ਦੇ ਹਿੱਸੇ ਵਜੋਂ ਭਾਜਪਾ ਰਾਜ 'ਚ ਰਥ ਯਾਤਰਾ ਕੱਢੇਗੀ। ਇਨ੍ਹਾਂ ਰੱਥ ਯਾਤਰਾਵਾਂ ਦੇ ਜ਼ਰੀਏ ਪਾਰਟੀ ਰਾਜ ਦੇ ਲੋਕਾਂ ਤੱਕ ਪਹੁੰਚੇਗੀ ਅਤੇ ਵੱਡੀਆਂ ਤਬਦੀਲੀਆਂ ਦਾ ਸੰਦੇਸ਼ ਦੇਵੇਗੀ। ਸੂਤਰਾਂ ਅਨੁਸਾਰ, ਭਾਜਪਾ ਬੰਗਾਲ ਦੇ ਪੰਜ ਵੱਖ-ਵੱਖ ਖਿੱਤਿਆਂ ਤੋਂ ਰੱਥ ਯਾਤਰਾ ਕੱਢੇਗੀ, ਜੋ ਸਾਰੀਆਂ 294 ਸੀਟਾਂ ਕਵਰ ਕਰਨ ਦੀ ਕੋਸ਼ਿਸ਼ ਕਰੇਗੀ। ਯਾਨੀ ਭਾਜਪਾ ਹਰ ਵਿਧਾਨ ਸਭਾ ਹਲਕੇ 'ਚੋਂ ਲੰਘਣ ਦੀ ਕੋਸ਼ਿਸ਼ ਕਰੇਗੀ ਤਾਂ ਕਿ ਹਰ ਘਰ 'ਚ ਤਬਦੀਲੀ ਦਾ ਸੰਦੇਸ਼ ਪਹੁੰਚੇ। ਰਥ ਯਾਤਰਾ ਫਰਵਰੀ ਦੇ ਪਹਿਲੇ ਜਾਂ ਦੂਜੇ ਹਫ਼ਤੇ 'ਚ ਸ਼ੁਰੂ ਹੋ ਸਕਦੀ ਹੈ।

ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਹੋਈ ਬੈਠਕ 'ਚ ਸ਼ਾਮਲ ਹੋਏ ਬੰਗਾਲ ਭਾਜਪਾ ਨੇਤਾ ਨੇ ਏਬੀਪੀ ਨਿਊਜ਼ ਨੂੰ ਦੱਸਿਆ, ''ਭਾਜਪਾ ਫਰਵਰੀ ਤੋਂ ਮਾਰਚ ਦੌਰਾਨ ਪੱਛਮੀ ਬੰਗਾਲ 'ਚ ਲਗਭਗ ਇਕ ਮਹੀਨੇ ਲਈ ਪੰਜ ਰਥ ਯਾਤਰਾਵਾਂ ਕਰੇਗੀ। ਇਸ ਦੇ ਜ਼ਰੀਏ ਬੰਗਾਲ ਦੀਆਂ 294 ਵਿਧਾਨ ਸਭਾ ਸੀਟਾਂ ਤਕ ਪਹੁੰਚ ਕੀਤੀ ਜਾਏਗੀ। ਪਾਰਟੀ ਦੇ ਕੁਝ ਸੀਨੀਅਰ ਆਗੂ ਰੱਥ ਯਾਤਰਾ ਦੀ ਅਗਵਾਈ ਕਰਨਗੇ। ਇਸ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਜਾਵੇਗਾ ਕਿ ਰਾਜ ਦਾ ਸੀਨੀਅਰ ਆਗੂ ਜੋ ਯਾਤਰਾ ਦੀ ਸ਼ੁਰੂਆਤ ਕਰਦਾ ਹੈ, ਉਹ ਪੂਰੇ ਹਫ਼ਤੇ 'ਚ ਯਾਤਰਾ ਨਾਲ ਜੁੜੇਗਾ ਅਤੇ ਸਥਾਨਕ ਲੀਡਰਸ਼ਿਪ ਹਲਕਿਆਂ ਦੇ ਅਨੁਸਾਰ ਯਾਤਰਾ 'ਚ ਸ਼ਾਮਲ ਹੋਏਗੀ। ਜਲਦੀ ਹੀ ਰੂਟ ਅਤੇ ਹੋਰ ਮੁੱਦਿਆਂ 'ਤੇ ਵਿਚਾਰ-ਵਟਾਂਦਰੇ ਮੁਕੰਮਲ ਹੋ ਜਾਣਗੇ। ”


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ