ਨਵੀਂ ਦਿੱਲੀ: ਕਿਸਾਨ ਲੀਡਰਾਂ ਨੇ ਐਲਾਨ ਕੀਤਾ ਹੈ ਕਿ ਭਾਵੇਂ ਜੋ ਮਰਜ਼ੀ ਹੋ ਜਾਵੇ 26 ਜਨਵਰੀ ਨੂੰ ਕਿਸਾਨ ਪਰੇਡ ਹੋ ਕੇ ਹੀ ਰਹੇਗੀ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਦਿੱਲੀ ਪੁਲਿਸ ਕਿਸਾਨ ਪਰੇਡ ਨੂੰ ਰੋਕਣ ਲਈ ਸੁਪਰੀਮ ਕੋਰਟ ਗਈ ਹੈ, ਤਾਂ ਅਸੀਂ ਵੀ ਦੱਸ ਦੇਈਏ ਕਿ ਜੇ ਸੁਪਰੀਮ ਕੋਰਟ ਨੇ ਕਿਸਾਨ ਪਰੇਡ ਨੂੰ ਰੋਕ ਦਿੱਤਾ ਤਾਂ ਵੀ ਕਿਸਾਨ ਦਿੱਲੀ ਵਿੱਚ ਕਿਸਾਨ ਪਰੇਡ ਦਾ ਆਯੋਜਨ ਕਰਨਗੇ। ਜੇ ਸਾਨੂੰ ਦਿੱਲੀ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਚੰਗਾ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਪਰੇਡ ਸ਼ਾਂਤੀਪੂਰਵਕ ਹੋਵੇਗੀ। ਅਸੀਂ ਪਰੇਡ ਦਿੱਲੀ 'ਚ ਕਰਾਂਗੇ। ਤੇ 26 ਜਨਵਰੀ ਤੋਂ ਪਹਿਲਾਂ ਦੇ ਪ੍ਰੋਗਰਾਮਾਂ ਦਾ ਵੀ ਜਲਦੀ ਐਲਾਨ ਕੀਤਾ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਸਮਝੌਤੇ ਦੀ ਕੋਈ ਗੁੰਜਾਇਸ਼ ਨਹੀਂ ਹੈ। ਇਹ ਬਗਾਵਤ ਨਹੀਂ ਹੈ, ਇਹ ਯੁੱਧ ਨਹੀਂ ਹੈ, ਸਿਰਫ ਗਣਤੰਤਰ ਦਿਵਸ ਪਰੇਡ ਸ਼ਾਨਦਾਰ ਤੇ ਸ਼ਾਂਤੀਪੂਰਵਕ ਢੰਗ ਕੀਤੀ ਜਾਵੇਗੀ।
ਕਿਸਾਨ ਲੀਡਰਾਂ ਨੇ ਕਿਹਾ ਕਿ ਕਿਸਾਨ ਗਣਤੰਤਰ ਪਰੇਡ ਲਈ ਇਜਾਜ਼ਤ ਨਹੀਂ, ਜਾਣਕਾਰੀ ਦੇਣੀ ਹੁੰਦੀ ਹੈ। ਅਸੀਂ ਇਹ ਜਾਣਕਾਰੀ ਮੀਡੀਆ ਰਾਹੀਂ ਦੇ ਦਿੱਤੀ ਹੈ ਅਤੇ ਅੱਗੇ ਵੀ ਦਿੰਦੇ ਰਹਾਂਗੇ। ਉਨ੍ਹਾਂ ਕਿ ਸਾਨੂੰ ਨਹੀਂ ਲਗਦਾ ਕਿ ਸੁਪਰੀਮ ਕੋਰਟ, ਪੁਲਿਸ ਜਾਂ ਸਰਕਾਰ ਕਿਸਾਨੀ ਪਰੇਡ ਨੂੰ ਰੋਕੇਗੀ। ਜੇ ਕੋਈ ਤਿਰੰਗੇ ਨਾਲ ਤੁਰਨਾ ਚਾਹੁੰਦਾ ਹੈ, ਤਾਂ ਉਹ ਇਸ 'ਤੇ ਇਤਰਾਜ਼ ਕਿਉਂ ਕਰਨਗੇ। ਸਰਕਾਰ ਜ਼ਿੱਦ ਕਰ ਰਹੀ ਹੈ ਅਤੇ ਦੋਸ਼ ਕਿਸਾਨਾਂ 'ਤੇ ਲਗਾ ਰਹੀ ਹੈ। ਇਸ ਅੰਦੋਲਨ ਦੇ ਕਾਰਨ ਲੋਕ ਸਰਕਾਰ ਨੂੰ ਸਬਕ ਸਿਖਾਉਣਗੇ।