ਉਨਾਓ: ਆਪਣੇ ਬਿਆਨਾਂ ਕਾਰਨ ਅਕਸਰ ਵਿਵਾਦਾਂ 'ਚ ਰਹਿਣ ਵਾਲੇ ਭਾਜਪਾ ਸਾਂਸਦ ਸਾਕਸ਼ੀ ਮਹਾਰਾਜ ਨੇ ਇਕ ਵਾਰ ਫਿਰ ਵਿਵਾਦਪੂਰਨ ਬਿਆਨ ਦਿੱਤਾ ਹੈ। ਸਾਕਸ਼ੀ ਮਹਾਰਾਜ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਹੱਤਿਆ ਪਿੱਛੇ ਕਾਂਗਰਸ ਦਾ ਹੱਥ ਦੱਸਿਆ ਹੈ। ਸਾਕਸ਼ੀ ਮਹਾਰਾਜ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਮਾਰਿਆ ਹੈ। ਉਨ੍ਹਾਂ ਉਨਾਓ ਵਿੱਚ ਸੁਭਾਸ਼ ਚੰਦਰ ਬੋਸ ਦੀ 125 ਵੀਂ ਜਯੰਤੀ ਮੌਕੇ ਭਾਸ਼ਣ ਦਿੰਦੇ ਹੋਏ ਇਹ ਵਿਵਾਦਪੂਰਨ ਗੱਲਾਂ ਕਹੀਆਂ।


ਸਾਕਸ਼ੀ ਮਹਾਰਾਜ ਨੇ ਕਿਹਾ, "ਸੁਭਾਸ਼ ਚੰਦਰ ਬੋਸ ਨੂੰ ਸਮੇਂ ਤੋਂ ਪਹਿਲਾਂ ਹੀ ਮੌਤ ਦੇ ਗਾਲ 'ਚ ਭੇਜਿਆ ਗਿਆ ਸੀ। ਮੇਰਾ ਦੋਸ਼ ਹੈ ਕਿ ਕਾਂਗਰਸ ਨੇ ਸੁਭਾਸ਼ ਚੰਦਰ ਬੋਸ ਦਾ ਕਤਲ ਕਰ ਦਿੱਤਾ। ਪੰਡਿਤ ਨਹਿਰੂ ਬੋਸ ਦੀ ਲੋਕਪ੍ਰਿਅਤਾ ਦੇ ਅੱਗੇ ਕਿਤੇ ਵੀ ਠਹਿਰਦੇ ਨਹੀਂ ਸੀ। ਮਹਾਤਮਾ ਗਾਂਧੀ ਵੀ ਉਨ੍ਹਾਂ ਦੀ ਪ੍ਰਸਿੱਧੀ ਦੇ ਅੱਗੇ ਕਿਧਰੇ ਨਹੀਂ ਠਹਿਰਦੇ ਸੀ।"






ਸਾਕਸ਼ੀ ਮਹਾਰਾਜ ਨੇ ਅੱਗੇ ਕਿਹਾ, “ਸੁਭਾਸ਼ ਚੰਦਰ ਬੋਸ ਉਹ ਵਿਅਕਤੀ ਸੀ ਜਿਸ ਨੇ ਇਹ ਨਾਅਰਾ ਦਿੱਤਾ ਸੀ ਕਿ ਤੁਸੀਂ ਮੈਨੂੰ ਖੂਨ ਦਵੋ, ਮੈਂ ਤੁਹਾਨੂੰ ਅਜ਼ਾਦੀ ਦੇਵਾਂਗਾ। ਅੰਗਰੇਜ਼ ਇੰਨੇ ਸਿੱਧੇ ਨਹੀਂ ਸੀ ਕਿ ਉਹ ਪੁੱਛ ਕੇ ਆਜ਼ਾਦੀ ਦੇ ਦੇਣਗੇ। ਬਹੁਤ ਸਾਰੇ ਲੋਕ ਇਸ ਆਜ਼ਾਦੀ ਲਈ ਸ਼ਹੀਦ ਹੋਏ।" ਉਨ੍ਹਾਂ ਅੱਗੇ ਕਿਹਾ ਕਿ ਅਸੀਂ ਖੂਨ ਦੀ ਭਾਅ 'ਤੇ ਅਜ਼ਾਦੀ ਖਰੀਦੀ ਸੀ।