ਨਵੀਂ ਦਿੱਲੀ: ਭੁਪਾਲ ਤੋਂ ਭਾਜਪਾ ਦੇ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਆਪਣੇ ਬਿਆਨ ਕਾਰਨ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ। ਮੱਧ ਪ੍ਰਦੇਸ਼ ਦੇ ਸੀਹੋਰ ’ਚ ਇੱਕ ਖੱਤਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ‘ਸ਼ੂਦਰ’ ਸਮਾਜ ਦੇ ਲੋਕਾਂ ਬਾਰੇ ਵਿਵਾਦਗ੍ਰਸਤ ਬਿਆਨ ਦੇ ਦਿੱਤਾ ਹੈ।
ਪ੍ਰੱਗਿਆ ਠਾਕੁਰ ਨੇ ਧਰਮ ਸ਼ਾਸਤਰ ਦਾ ਹਵਾਲਾ ਦਿੰਦਿਆਂ ਕਿਹਾ,‘ਜਦੋਂ ਅਸੀਂ ਕਿਸੇ ਖੱਤਰੀ ਨੂੰ ਖੱਤਰੀ ਆਖਦੇ ਹਾਂ, ਤਾਂ ਉਸ ਨੂੰ ਬੁਰਾ ਨਹੀਂ ਲੱਗਦਾ। ਜੇ ਅਸੀਂ ਕਿਸੇ ਬ੍ਰਾਹਮਣ ਨੂੰ ਬ੍ਰਾਹਮਣ ਕਹਿੰਦੇ ਹਾਂ, ਤਾਂ ਉਸ ਨੂੰ ਬੁਰਾ ਨਹੀਂ ਲੱਗਦਾ। ਜੇ ਕਿਸੇ ਵੈਸ਼ਯ ਨੂੰ ਵੈਸ਼ਯ ਆਖਦੇ ਹਾਂ, ਤਾਂ ਉਸ ਨੂੰ ਬੁਰਾ ਨਹੀਂ ਲੱਗਦਾ ਪਰ ਜੇ ਅਸੀਂ ਕਿਸੇ ਸ਼ੂਦਰ ਨੂੰ ਸ਼ੂਦਰ ਕਹਿੰਦੇ ਹਾਂ, ਤਾਂ ਉਹ ਬੁਰਾ ਮੰਨ ਜਾਂਦਾ ਹੈ। ਕਾਰਨ ਕੀ ਹੈ? ਕਿਉਂਕਿ ਉਹ ਗੱਲ ਨੂੰ ਸਮਝਦੇ ਨਹੀਂ ਹਨ।’
ਪ੍ਰੱਗਿਆ ਠਾਕੁਰ ਨੇ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਦੇ ਕਾਫ਼ਲੇ ਉੱਤੇ ਪੱਛਮੀ ਬੰਗਾਲ ’ਚ ਹੋਏ ਹਮਲੇ ਨੂੰ ਲੈ ਕੇ ਉੱਥੋਂ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਉੱਤੇ ਵਿਅੰਗ ਕਰਦਿਆਂ ਕਿਹਾ, ‘ਉਹ ਪਾਗਲ ਹੋ ਗਏ ਹਨ। ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿੱਥੇ ਉਹ ਹਕੂਮਤ ਕਰ ਰਹੇ ਹਨ, ਉਹ ਭਾਰਤ ਹੈ, ਪਾਕਿਸਤਾਨ ਨਹੀਂ। ਦਰਅਸਲ, ਹੁਣ ਉਹ (ਮਮਤਾ ਬੈਨਰਜੀ) ਨਿਰਾਸ਼ ਹੋ ਗਏ ਹਨ। ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਆਵੇਗੀ ਤੇ ਉੱਥੇ ਹਿੰਦੂ ਰਾਜ ਹੋਵੇਗਾ।’
ਪ੍ਰੱਗਿਆ ਠਾਕੁਰ ਪਹਿਲਾਂ ਵੀ ਕਈ ਵਾਰ ਆਪਣੇ ਭੜਕਾਊ ਬਿਆਨਾਂ ਕਰਕੇ ਸੁਰਖ਼ੀਆਂ ’ਚ ਰਹਿੰਦੇ ਰਹੇ ਹਨ। ਪਿਛਲੇ ਵਰ੍ਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਇਸ ਲਈ ਝਾੜ ਵੀ ਪਾਈ ਸੀ ਪਰ ਫਿਰ ਵੀ ਉਹ ਜਿਹੇ ਬਿਆਨ ਅਕਸਰ ਦਿੰਦੇ ਹੀ ਰਹਿੰਦੇ ਹਨ।