ਨਵੀਂ ਦਿੱਲੀ: ਆਸਟਰੇਲੀਆ ਦੀਆਂ ਕਈ ਯੂਨੀਵਰਸਿਟੀਆਂ ਨੇ ਕਰੋਨਾਵਾਇਰਸ ਕਾਰਨ ਸੰਕਟ ਵਿੱਚ ਘਿਰੇ ਵਿਦਿਆਰਥੀਆਂ ਲਈ ਪੈਕੇਜਾਂ ਤੇ ਗ੍ਰਾਂਟਾਂ ਦਾ ਐਲਾਨ ਕੀਤਾ ਹੈ। ਆਸਟਰੇਲੀਆ ‘ਚ ਪੜ੍ਹਦੇ ਹਜ਼ਾਰਾਂ ਕੌਮਾਂਤਰੀ ਵਿਦਿਆਰਥੀ ਭਾਰਤੀਆਂ ਸਣੇ ਤੇ ਪਾਰਟ-ਟਾਈਮ ਨੌਕਰੀਆਂ ਕਰਕੇ ਆਪਣੇ ਖਰਚੇ ਤੇ ਯੂਨੀਵਰਸਿਟੀ ਦੀਆਂ ਫੀਸਾਂ ਦਿੰਦੇ ਹਨ। ਆਸਟਰੇਲੀਆ ਸਰਕਾਰ ਵੱਲੋਂ ਐਲਾਨ ਕੀਤਾ ਸੀ ਕਿ ਇਹ ਵਿਦਿਆਰਥੀ ਕਿਸੇ ਸਮਾਜਿਕ ਸੁਰੱਖਿਆ ਫੰਡਾਂ ਦੇ ਹੱਕਦਾਰ ਨਹੀਂ ਹਨ। ਇਸ ਕਰਕੇ ਇਨ੍ਹਾਂ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਹਵਾਈ ਉਡਾਣਾਂ ਰੱਦ ਹੋਣ ਕਾਰਨ ਹੋਰ ਵਧ ਗਈਆਂ।


ਅਜਿਹੇ ਵਿੱਚ ਯੂਨੀਵਰਸਿਟੀਆਂ ਨੇ ਆਪਣੇ ਵਿਦਿਆਰਥੀਆਂ ਦੀ ਬਾਂਹ ਫੜੀ ਹੈ। ਮੈਲਬਰਨ ਦੀ ਡੀਕਿਨ ਯੂਨੀਵਰਸਿਟੀ ਨੇ ਸੰਕਟ ‘ਚ ਘਿਰੇ ਕੌਮਾਂਤਰੀ ਵਿਦਿਆਰਥੀਆਂ ਦੀ ਮਦਦ ਲਈ 25 ਮਿਲੀਅਨ ਆਸਟ੍ਰੇਲਿਆਈ ਡਾਲਰ ਦੇ ਪੈਕੇਜ ਦਾ ਐਲਾਨ ਕੀਤਾ। ਇਸ ਪੈਕੇਜ ਦਾ ਵਿਦੇਸ਼ੀ ਵਿਦਿਆਰਥੀ ਅਗਲੇ ਛੇ ਮਹੀਨੇ ਤਕ ਲਾਹਾ ਲੈ ਸਕਣਗੇ। ਡੀਕਿਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲਾਇਨ ਮਾਰਟਿਨ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਤੁਰੰਤ ਵਿੱਤੀ ਸਹਾਇਤਾ ਲਈ 1,200 ਤੋਂ ਵੱਧ ਅਰਜ਼ੀਆਂ ਪ੍ਰਵਾਨ ਕੀਤੀਆਂ ਹਨ ਤੇ ਸੈਂਕੜੇ ਅਰਜ਼ੀਆਂ ਵਿਚਾਰੀਆਂ ਜਾ ਰਹੀਆਂ ਹਨ।

ਇਸ ਦੇ ਨਾਲ ਹੀ ਆਸਟਰੇਲੀਆ ’ਚ ਕੋਵਿਡ-19 ਦੇ ਪ੍ਰਕੋਪ ਕਾਰਨ ਬੇਰੁਜ਼ਗਾਰੀ ਤੇ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ ਅਸਥਾਈ ਵੀਜ਼ਾਧਾਰਕਾਂ ਲਈ ਰੈੱਡਕਰਾਸ ਆਸਟਰੇਲੀਆ ਵੱਲੋਂ ਸਰਕਾਰ ਤੋਂ ਅਗਲੇ ਛੇ ਮਹੀਨਿਆਂ ਲਈ ਫੰਡ ਪ੍ਰਾਪਤ ਕੀਤੇ ਜਾ ਰਹੇ ਹਨ ਤਾਂ ਜੋ ਐਮਰਜੈਂਸੀ ਰਾਹਤ ਅਤੇ ਅਸਥਾਈ ਵੀਜ਼ੇ ‘ਤੇ ਆਉਣ ਵਾਲੇ ਲੋਕਾਂ ਦੀ ਮਦਦ ਹੋ ਸਕੇ। ਜਦਕਿ ਰੈੱਡਕਰਾਸ ਨੂੰ ਅਜੇ ਤੱਕ ਇਹ ਫੰਡ ਪ੍ਰਾਪਤ ਨਹੀਂ ਹੋਏ ਪਰ ਇਸ ਫੰਡ ਦੀ ਮੰਗ ਛੇਤੀ ਪੂਰੀ ਹੋਣ ਦੀ ਸੰਭਾਵਨਾ ਹੈ।

ਰੈੱਡਕਰਾਸ ਦਾ ਕਹਿਣਾ ਹੈ ਕਿ ਇਹ ਵਿੱਤੀ ਸਹਾਇਤਾ, ਭੋਜਨ ਤੇ ਦਵਾਈਆਂ ਵਰਗੀਆਂ ਮੁੱਢਲੀਆਂ ਜ਼ਰੂਰਤਾਂ ਵਾਲੇ ਲੋਕਾਂ ਦੀ ਸਹਾਇਤਾ ਲਈ ਸੰਕਟਕਾਲੀਨ ਰਾਹਤ ਅਦਾਇਗੀ ਹੈ। ਇਹ ਫੰਡ ਅਸਥਾਈ ਵੀਜ਼ੇ ਵਾਲੇ ਉਨ੍ਹਾਂ ਲੋਕਾਂ ਲਈ ਹਨ, ਜਿਨ੍ਹਾਂ ਕੋਲ ਆਪਣਾ ਵਿੱਤੀ ਬਚਾਅ ਕਰਨ ਦਾ ਕੋਈ ਰਸਤਾ ਨਹੀਂ।

Education Loan Information:

Calculate Education Loan EMI