ਨਵੀਂ ਦਿੱਲੀ: ਦੇਸ਼ 'ਚ ਕੋਰੋਨਾਵਾਇਰਸ ਦੇ ਮਾਮਲੇ ਨੌਂ ਲੱਖ ਦੇ ਨੇੜੇ ਪਹੁੰਚ ਚੁੱਕੇ ਹਨ। ਇਸ ਨੂੰ ਵੇਖਦਿਆਂ ਕੇਂਦਰ ਸਰਕਾਰ ਕਾਫੀ ਫਿਕਰਮੰਦ ਹੈ। ਇਸ ਲਈ ਮੁੜ ਲੌਕਡਾਊਨ ਲਾਇਆ ਜਾ ਸਕਦਾ ਹੈ। ਉਂਝ ਇਸ ਵਾਰ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਵਿੱਚ ਹੀ ਪਾਬੰਦੀਆਂ ਲਾਗੂ ਕੀਤੀਆਂ ਜਾਣਗੀਆ।


ਪਤਾ ਲੱਗਾ ਹੈ ਕਿ ਆਉਣ ਵਾਲੇ ਦਿਨਾਂ 'ਚ ਬੰਗਲੁਰੂ ਤੇ ਪੁਣੇ ਸਮੇਤ ਕਈ ਸ਼ਹਿਰਾਂ 'ਚ ਅਧਿਕਾਰੀ ਵੱਖ-ਵੱਖ ਸਮੇਂ ਲਈ ਮੁੜ ਲੌਕਡਾਊਨ ਕਰਨ ਦੀ ਤਿਆਰੀ ਕਰ ਰਹੇ ਹਨ। ਕਰਨਾਟਕ ਤੇ ਤਾਮਿਲਨਾਡੂ 'ਚ ਐਤਵਾਰ ਨੂੰ ਲੌਕਡਾਊਨ ਰੱਖਿਆ ਗਿਆ ਹੈ। ਅਸਾਮ, ਅਰੁਣਾਚਲ ਪ੍ਰਦੇਸ਼, ਮੇਘਾਲਿਆ ਤੇ ਬਿਹਾਰ ਵਰਗੇ ਰਾਜਾਂ ਨੇ ਵੱਖ-ਵੱਖ ਸਮੇਂ ਦੌਰਾਨ ਸੈਕਟਰ-ਵਾਈਡ ਲੌਕਡਾਊਨ ਦਾ ਐਲਾਨ ਕੀਤਾ ਹੈ।


ਕਰਨਾਟਕ ਸਰਕਾਰ ਨੇ 14 ਜੁਲਾਈ ਤੋਂ ਸੱਤ ਦਿਨਾਂ ਲਈ ਬੈਂਗਲੁਰੂ ਵਿੱਚ ਮੁਕੰਮਲ ਤਾਲਾਬੰਦੀ ਦਾ ਐਲਾਨ ਕੀਤਾ ਹੈ। ਤਾਮਿਲਨਾਡੂ ਸਰਕਾਰ ਨੇ ਮਦੁਰਾਈ ਤੇ ਆਸ ਪਾਸ ਦੇ ਇਲਾਕਿਆਂ 'ਚ 14 ਜੁਲਾਈ ਤੱਕ ਪਾਬੰਦੀਆਂ ਵਧਾ ਦਿੱਤੀਆਂ ਹਨ। ਮਹਾਰਾਸ਼ਟਰ ਸਰਕਾਰ ਨੇ ਪਹਿਲਾਂ ਹੀ 13 ਤੋਂ 23 ਜੁਲਾਈ ਤੱਕ ਪੁਣੇ ਤੇ ਪਿੰਪਰੀ-ਚਿੰਚਵਾੜ ਵਿੱਚ ਵਿਆਪਕ ਤਾਲਾਬੰਦੀ ਦਾ ਐਲਾਨ ਕੀਤਾ ਸੀ। ਇਸੇ ਤਰ੍ਹਾਂ ਦੇ ਬੰਦ ਦਾ ਐਲਾਨ ਰਾਜ ਸਰਕਾਰ ਨੇ ਮੁੰਬਈ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਵੀ ਕੀਤਾ।



ਯੂਪੀ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੇ ਹੁਣ ਕੋਰੋਨਾ ਦੀ ਲਾਗ ਦੇ ਪ੍ਰਸਾਰ ਨੂੰ ਰੋਕਣ ਲਈ ਇੱਕ ਨਵਾਂ ਫਾਰਮੂਲਾ ਲੱਭ ਲਿਆ ਹੈ। ਰਾਜ 'ਚ ਸ਼ੁੱਕਰਵਾਰ ਰਾਤ ਤੋਂ 55 ਘੰਟਿਆਂ ਲਈ ਤਾਲਾਬੰਦੀ ਤੋਂ ਬਾਅਦ ਹੁਣ ਹਰ ਹਫ਼ਤੇ ਦੋ ਦਿਨ ਲੌਕਡਾਊਨ ਕਰਨ ਦਾ ਫੈਸਲਾ ਲਿਆ ਗਿਆ ਹੈ। ਮਿੰਨੀ ਲੌਕਡਾਊਨ ਦੇ ਤਹਿਤ ਰਾਜ 'ਚ ਸਿਰਫ ਪੰਜ ਦਿਨਾਂ ਦਫਤਰ ਤੇ ਬਾਜ਼ਾਰ ਖੋਲ੍ਹੇ ਜਾਣਗੇ। ਯਾਨੀ, ਕੋਰੋਨਾ ਕਾਲ ਤੱਕ ਰਾਜ ਹਫਤੇ ਦੇ ਪੰਜ ਦਿਨ ਕੰਮ ਕਰੇਗਾ।




ਕੋਰੋਨਾ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਕਿ ਹੁਣ ਸਾਰੇ ਬਾਜ਼ਾਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਖੁੱਲ੍ਹੇ ਰਹਿਣਗੇ। ਸ਼ਨੀਵਾਰ ਤੇ ਐਤਵਾਰ ਨੂੰ ਹਫਤਾਵਾਰੀ ਬੰਦ ਕੀਤਾ ਜਾਵੇਗਾ। ਇਸ ਦੌਰਾਨ ਦੁੱਧ, ਫਲਾਂ ਅਤੇ ਸਬਜ਼ੀਆਂ ਵਰਗੀਆਂ ਸਿਰਫ ਹੋਰ ਜ਼ਰੂਰੀ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਹੈ। ਇਨ੍ਹਾਂ ਦੋ ਦਿਨਾਂ 'ਚ ਵੱਡੇ ਪੱਧਰ 'ਤੇ ਸਫਾਈ ਅਤੇ ਸਵੱਛਤਾ ਦਾ ਕੰਮ ਕੀਤਾ ਜਾਵੇਗਾ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਐਤਵਾਰ ਨੂੰ ਇਸ ਸੰਬੰਧੀ ਨਿਰਦੇਸ਼ ਜਾਰੀ ਕੀਤੇ।