ਪਵਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਕੋਰੋਨਾ ਦੇ ਫੈਲਣ ਨੂੰ ਰੋਕਣ ਲਈ ਪੂਰੇ ਦੇਸ਼ ਵਿੱਚ ਲੌਕਡਾਊਨ ਵਧਾਉਣ ਦੀ ਤਿਆਰੀ ਹੈ। ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੌਕਡਾਊਨ ਦੀ ਮਿਆਦ ਵਧਾਉਣ ਲਈ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਕਈ ਰਾਜਾਂ ਦੇ ਮੁੱਖ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਦੇਸ਼ ਵਿਆਪੀ ਤਾਲਾਬੰਦੀ ਨੂੰ ਘੱਟੋ-ਘੱਟ 30 ਅਪ੍ਰੈਲ ਤੱਕ ਵਧਾ ਦਿੱਤਾ ਜਾਵੇ।


ਹੁਣ ਇਸ ਵਿੱਚ ਵਾਧਾ ਹੋਣਾ ਲਗਭਗ ਤੈਅ ਹੈ। ਹਾਲਾਂਕਿ ਸਰਕਾਰ ਵੱਲੋਂ ਇਸ ਬਾਰੇ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਇਸ ਦੌਰਾਨ ਕੁਝ ਸੂਬੇ ਇੱਕ ਕਦਮ ਅੱਗੇ ਨਿਕਲੇ ਤੇ ਉਨ੍ਹਾਂ ਨੇ 30 ਅਪ੍ਰੈਲ ਤੋਂ 1 ਮਈ ਤੱਕ ਆਪਣੇ-ਆਪਣੇ ਰਾਜਾਂ ‘ਚ ਤਾਲਾਬੰਦੀ ਵਧਾ ਦਿੱਤੀ ਹੈ। ਆਓ ਜਾਣਦੇ ਹਾਂ ਉਹ ਕਿਹੜੇ ਸੂਬੇ ਹਨ ਜਿੱਥੇ ਤਾਲਾਬੰਦੀ ਨੂੰ ਵਧਾਇਆ ਗਿਆ ਹੈ।


ਓਡੀਸ਼ਾ:

9 ਅਪ੍ਰੈਲ ਨੂੰ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਐਲਾਨ ਕੀਤਾ ਸੀ ਕਿ ਉਹ 14 ਅਪ੍ਰੈਲ ਤੋਂ ਬਾਅਦ ਵੀ ਆਪਣੇ ਸੂਬੇ ਵਿੱਚ ਤਾਲਾਬੰਦੀ ਦੀ ਮਿਆਦ ਨੂੰ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਉੜੀਸਾ ਵਿਚ 30 ਅਪ੍ਰੈਲ ਤੱਕ ਤਾਲਾਬੰਦੀ ਜਾਰੀ ਰਹੇਗੀ । ਦੱਸ ਦਈਏ ਕਿ ਉੜੀਸਾ ਪਹਿਲਾ ਰਾਜ ਸੀ ਜਿਸ ਨੇ 14 ਅਪ੍ਰੈਲ ਤੋਂ ਬਾਅਦ ਵੀ ਤਾਲਾਬੰਦੀ ਜਾਰੀ ਰੱਖਣ ਦਾ ਐਲਾਨ ਕੀਤਾ ਸੀ।


ਪੰਜਾਬ ਨੇ 1 ਮਈ ਤੱਕ ਲੌਕਡਾਊਨ:
ਪੰਜਾਬ ਸਰਕਾਰ ਨੇ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੂਬੇ ਵਿੱਚ 1 ਮਈ ਤੱਕ ਤਾਲਾਬੰਦੀ ਦਾ ਐਲਾਨ ਕੀਤਾ ਹੈ। ਪੰਜਾਬ ਵਿਚ ਹੁਣ ਤੱਕ ਕੋਰੋਨਾ ਦੇ 158 ਮਾਮਲੇ ਸਾਹਮਣੇ ਆਏ ਹਨ ਤੇ 11 ਦੀ ਮੌਤ ਹੋ ਚੁੱਕੀ ਹੈ। ਜਦਕਿ ਪੰਜ ਵਿਅਕਤੀ ਠੀਕ ਵੀ ਹੋਏ ਹਨ।



ਮਹਾਰਾਸ਼ਟਰ:
ਦੇਸ਼ ਵਿਚ ਕੋਰੋਨਾਵਾਇਰਸ ਨਾਲ ਸਭ ਤੋਂ ਪ੍ਰਭਾਵਤ ਮਹਾਰਾਸ਼ਟਰ ਨੇ ਵੀ 30 ਅਪ੍ਰੈਲ ਤੱਕ ਤਾਲਾਬੰਦੀ ਵਧਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਉਧਵ ਠਾਕਰੇ ਨੇ ਸ਼ਨੀਵਾਰ ਨੂੰ ਇਸ ਦਾ ਐਲਾਨ ਕੀਤਾ। ਉਧਵ ਠਾਕਰੇ ਨੇ ਕਿਹਾ ਕਿ ਕੁਝ ਇਲਾਕਿਆਂ ਵਿਚ ਤਾਲਾਬੰਦੀ 'ਚ ਢਿੱਲ ਦਿੱਤੀ ਜਾ ਸਕਦੀ ਹੈ ਜਦਕਿ ਕੁਝ ਖੇਤਰਾਂ ‘ਚ ਇਸ ਨੂੰ ਹੋਰ ਸਖਤ ਕੀਤਾ ਜਾਵੇਗਾ।


ਕਰਨਾਟਕ:
ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਵੀ ਸ਼ਨੀਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਨੂੰ ਰੋਕਣ ਲਈ ਤਾਲਾਬੰਦੀ ਦੋ ਹਫ਼ਤਿਆਂ ਤੱਕ ਵਧਾਈ ਜਾਏਗੀ। ਹਾਲਾਂਕਿ ਯੇਦੀਯੁਰੱਪਾ ਨੇ ਕਿਹਾ ਕਿ ਆਉਣ ਵਾਲੇ 15 ਦਿਨ ਪਿਛਲੇ 21 ਦਿਨਾਂ ਤੋਂ ਵੱਖਰੇ ਹੋਣਗੇ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਬਿਨਾਂ ਕਿਸੇ ਕਾਰਨ ਤਾਲਾਬੰਦੀ ਵਿਚ ਕੋਈ ਢਿੱਲ ਨਹੀਂ ਹੋਣੀ ਚਾਹੀਦੀ।


ਤੇਲੰਗਾਨਾ:
ਤੇਲੰਗਾਨਾ ਨੇ ਵੀ ਕੋਰੋਨਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਚੱਲ ਰਹੇ ਲੌਕਡਾਊਨ ਨੂੰ 30 ਅਪ੍ਰੈਲ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਇਹ ਐਲਾਨ ਕੀਤਾ। ਕੇਸੀਆਰ ਪਹਿਲਾਂ ਵੀ ਤਾਲਾਬੰਦੀ ਨੂੰ ਵਧਾਉਣ ਦੀ ਵਕਾਲਤ ਕਰਦੇ ਰਹੇ ਹਨ। ਤੇਲੰਗਾਨਾ ਦੇ ਮੁੱਖ ਮੰਤਰੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 14 ਅਪ੍ਰੈਲ ਤੋਂ ਬਾਅਦ ਦੇਸ਼ ਵਿਚ ਲਾਗੂ 21 ਦਿਨਾਂ ਦੇ ਤਾਲਾਬੰਦੀ ਦੀ ਮਿਆਦ ਵਧਾਉਣ ਦੀ ਬੇਨਤੀ ਕੀਤੀ ਸੀ।


ਪੱਛਮੀ ਬੰਗਾਲ:
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਕਰਫਿਊ ਨੂੰ 30 ਅਪ੍ਰੈਲ ਤੱਕ ਵਧਾ ਦਿੱਤਾ ਹੈ। ਇਹ 30 ਅਪ੍ਰੈਲ ਤੱਕ ਬੰਗਾਲ ਵਿੱਚ ਜਾਰੀ ਰਹੇਗੀ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਅਪ੍ਰੈਲ ਦੇ ਅੰਤ ਵਿਚ ਸਥਿਤੀ ਦੀ ਦੁਬਾਰਾ ਨਜ਼ਰਸਾਨੀ ਕਰੇਗੀ।


ਇਹ ਵੀ ਪੜ੍ਹੋ :