ਗਾਜ਼ੀਆਬਾਦ: ਦਿੱਲੀ ਨਾਲ ਲੱਗਦੇ ਗਾਜ਼ੀਆਬਾਦ 'ਚ ਵੱਡਾ ਹਾਦਸਾ ਹੋਇਆ ਹੈ। ਮੁਰਾਦਾਬਾਦ ਖੇਤਰ ਵਿੱਚ ਇੱਥੇ ਇੱਕ ਸ਼ਮਸ਼ਾਨ ਘਾਟ ਦਾ ਲੈਂਟਰ ਡਿੱਗ ਗਿਆ ਹੈ। ਲੈਂਟਰ ਡਿੱਗਣ ਕਾਰਨ ਬਹੁਤ ਸਾਰੇ ਲੋਕ ਮਲਬੇ ਹੇਠ ਦੱਬ ਗਏ। ਫਿਲਹਾਲ 18 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ। ਅਜੇ ਵੀ ਕਈ ਹੋਰ ਲੋਕ ਮਲਬੇ ਹੇਠਾਂ ਫਸੇ ਹੋਣ ਦਾ ਖ਼ਦਸ਼ਾ ਹੈ। ਲੋਕਾਂ ਨੂੰ ਮਲਬੇ ਤੋਂ ਬਾਹਰ ਕੱਢਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਮੌਜੂਦ ਹਨ। ਇਸ ਤੋਂ ਇਲਾਵਾ ਐਨਡੀਆਰਐਫ ਦੀ ਟੀਮ ਵੀ ਲੋਕਾਂ ਨੂੰ ਮਲਬੇ ਤੋਂ ਬਾਹਰ ਕੱਢ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਬਹੁਤ ਸਾਰੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।


ਹਾਸਲ ਜਾਣਕਾਰੀ ਅਨੁਸਾਰ ਮੁਰਾਦਨਗਰ ਵਿੱਚ ਰਹਿਣ ਵਾਲੇ ਫਲ ਵੇਚਣ ਵਾਲੇ ਰਾਜਰਾਮ ਦੀ ਅੱਜ ਸਵੇਰੇ ਮੌਤ ਹੋ ਗਈ। ਰਾਜਰਾਮ ਦੇ ਪਰਿਵਾਰਕ ਮੈਂਬਰ ਤੇ ਉਸ ਦੇ ਦੋਸਤ ਮੁਰਾਦਨਗਰ ਦੇ ਸ਼ਮਸ਼ਾਨਘਾਟ 'ਚ ਉਸ ਦੇ ਸਸਕਾਰ 'ਚ ਸ਼ਾਮਲ ਹੋਣ ਲਈ ਆਏ ਸੀ। ਸਸਕਾਰ ਤੋਂ ਬਾਅਦ, ਜਦੋਂ ਬਾਰਸ਼ ਹੋਣ ਲੱਗੀ, ਤਾਂ ਲੋਕ ਮੀਂਹ ਤੋਂ ਬਚਣ ਲਈ ਲੈਂਟਰ ਦੇ ਹੇਠਾਂ ਖੜ੍ਹੇ ਹੋ ਗਏ। ਉਸੇ ਸਮੇਂ ਲੈਂਟਰ ਹੇਠਾਂ ਡਿੱਗ ਗਿਆ।




ਇਸ ਦੇ ਨਾਲ ਹੀ ਸੀਐਮ ਯੋਗੀ ਆਦਿੱਤਿਆਨਾਥ ਨੇ ਇਸ ਦੁਰਘਟਨਾ ਦਾ ਨੋਟਿਸ ਲਿਆ ਹੈ। ਮੁੱਖ ਮੰਤਰੀ ਦਫ਼ਤਰ ਦੀ ਤਰਫੋਂ ਇਹ ਕਿਹਾ ਗਿਆ ਕਿ ਗਾਜ਼ੀਆਬਾਦ ਦੇ ਮੁਰਾਦਨਗਰ ਵਿੱਚ ਛੱਤ ਡਿੱਗਣ ਦੀ ਘਟਨਾ ਦਾ ਨੋਟਿਸ ਲੈਂਦਿਆਂ ਜ਼ਿਲ੍ਹਾ ਮੈਜਿਸਟਰੇਟ ਅਤੇ ਸੀਨੀਅਰ ਪੁਲਿਸ ਕਪਤਾਨ ਨੂੰ ਤੁਰੰਤ ਮੌਕੇ ‘ਤੇ ਪਹੁੰਚਣ ਤੇ ਰਾਹਤ ਤੇ ਬਚਾਅ ਕਾਰਜਾਂ ਨੂੰ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਹੈ ਕਿ ਇਸ ਘਟਨਾ ਤੋਂ ਪ੍ਰਭਾਵਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇ ਤੇ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦਾ ਢੁਕਵਾਂ ਇਲਾਜ ਯਕੀਨੀ ਬਣਾਇਆ ਜਾਵੇ।