ਨਵੀਂ ਦਿੱਲੀ: 'ਪਾਪੂਲਰ ਫ਼੍ਰੰਟ ਆੱਫ਼ ਇੰਡੀਆ’ (ਪੀਐਫ਼ਆਈ) ਦੇ ਦੇਸ਼ ਵਿੱਚ ਵੱਖੋ-ਵੱਖਰੇ ਟਿਕਾਣਿਆਂ ਉੱਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਛਾਪੇ ਮਾਰੇ ਜਾ ਰਹੇ ਹਨ। ਸੂਤਰਾਂ ਮੁਤਾਬਕ ਦੇਸ਼ ਭਰ ਦੇ 26 ਟਿਕਾਣਿਆਂ ਉੱਤੇ ਮਾਰੇ ਜਾ ਰਹੇ ਛਾਪਿਆਂ ਦੌਰਾਨ ਮਹਾਰਾਸ਼ਟਰ ਦੀਆਂ ਵੀ ਕੁਝ ਥਾਵਾਂ ਉੱਤੇ PFI ਦੇ ਦਫ਼ਤਰਾਂ ਉੱਤੇ ਰੇਡ ਜਾਰੀ ਹੈ।


ਇਹ ਛਾਪੇ ਦਿੱਲੀ ਤੇ ਉੱਤਰ ਪ੍ਰਦੇਸ਼ ਵਿੱਚ ਵਾਪਰੀ ਹਿੰਸਾ ਦੇ ਮਾਮਲਿਆਂ ਨਾਲ ਸਬੰਧਤ ਹਨ। ਪੀਐਫ਼ਆਈ ਉੱਤੇ ਦਿੱਲੀ ਹਿੰਸਾ ਤੇ ਉੱਤਰ ਪ੍ਰਦੇਸ਼ ਵਿੱਚ ਸੀਏਏ-ਵਿਰੋਧੀ ਪ੍ਰਦਰਸ਼ਨਾਂ ਦੌਰਾਨ ਹਿੰਸਾ ਦਾ ਦੋਸ਼ ਹੈ। ਵਿੱਤੀ ਜਾਂਚ ਏਜੰਸੀ ਦੀਆਂ ਟੀਮਾਂ ਪੀਐਫ਼ਆਈ ਦੇ ਰਾਸ਼ਟਰੀ ਪ੍ਰਧਾਨ ਓਐਮਏ ਅਬਦੁਲ ਸਲਾਮ ਅਤੇ ਮੱਲਪੁਰਮ ’ਚ ਰਾਸ਼ਟਰੀ ਸਕੱਤਰ ਨਸਰੁੱਦੀਨ ਏਲਾਰਾਮ ਦੀ ਰਿਹਾਇਸ਼ਗਾਹ ਉੱਤੇ ਮੌਜੂਦ ਹਨ। ਇਨਫ਼ੋਰਸਮੈਂਟ ਡਾਇਰੈਕਟੋਰੇਟ ਦੀ ਕੋਚੀ ਟੀਮ ਨੇ ਤਿਰੂਵਨੰਥਾਪੁਰਮ ਦੇ ਪੂਨਤੁਰਾ ’ਚ ਪੀਐਫ਼ਆਈ ਆਗੂ ਅਸ਼ਰਫ਼ ਮੌਲਵੀ ਦੀ ਰਿਹਾਇਸ਼ਗਾਹ ਉੱਤੇ ਛਾਪੇਮਾਰੀ ਕੀਤੀ ਹੈ।






ਈਡੀ ਦੀ ਟੀਮ ਕੇਰਲ ’ਚ ਕੋਚੀ, ਮੱਲਾਪੁਰਮ, ਤ੍ਰਿਵੇਂਦਰਮ ’ਚ ਪੀਐਫ਼ਆਈ ਮੈਂਬਰਾਂ ਨਾਲ ਜੁੜੇ ਟਿਕਾਣਿਆਂ ਉੱਤੇ ਛਾਪੇਮਾਰੀ ਕਰ ਰਹੀ ਹੈ। ਇਸ ਤੋਂ ਇਲਾਵਾ ਤਾਮਿਲ ਨਾਡੂ ’ਚ ਤੇਨਕਾਸੀ, ਮਦੁਰਾਇ, ਚੇਨਈ ’ਚ, ਪੱਛਮੀ ਬੰਗਾਲ ’ਚ ਕੋਲਕਾਤਾ, ਮੁਰਸ਼ਿਦਾਬਾਦ, ਕਰਨਾਟਕ ’ਚ ਬੈਂਗਲੁਰੂ, ਦਿੱਲੀ ’ਚ ਸ਼ਾਹੀਨ ਬਾਗ਼, ਉੱਤਰ ਪ੍ਰਦੇਸ਼ ’ਚ ਲਖਨਊ, ਬਾਰਾਬੰਕੀ, ਬਿਹਾਰ ’ਚ ਦਰਭੰਗਾ ਤੇ ਪੂਰਨੀਆ, ਮਹਾਰਾਸ਼ਟਰ ’ਚ ਔਰੰਗਾਬਾਦ ਤੇ ਰਾਜਸਥਾਨ ’ਚ ਜੈਪੁਰ ’ਚ ਛਾਪੇਮਾਰੀ ਜਾਰੀ ਹੈ। ਸੂਤਰਾਂ ਮੁਤਾਬਕ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੂੰ ਛਾਪੇਮਾਰੀ ਦੌਰਾਨ ਕਈ ਸਬੂਤ ਮਿਲੇ ਹਨ।





ਮੁਸਲਿਮ ਹਿਤਾਂ ਦੀ ਗੱਲ ਕਰਨ ਦੇ ਨਾਂ ਉੱਤੇ ਬਣੀ ਇਸ ਜੱਥੇਬੰਦੀ ਕੋਲ 25 ਹਜ਼ਾਰ ਦੇ ਲਗਭਗ ਕਾਡਰ ਤੇ 3 ਲੱਖ ਸਮਰਥਕ ਹਨ। ਇਸ ਦੇ ਸਿਆਸੀ ਵਿੰਗ ਐੱਸਡੀਪੀਆਈ ਦੀ ਗੱਲ ਕੀਤੀ ਜਾਵੇ, ਤਾਂ ਕੇਰਲ ਰਾਜ ਦੀਆਂ 140 ਸੀਟਾਂ ਵਿੱਚੋਂ 20 ਉੱਤੇ ਏਡੀਪੀਆਈ ਦਾ ਵੋਟ ਹਿੱਸਾ 10 ਹਜ਼ਾਰ ਤੋਂ ਵੱਧ ਹੈ।