ਚੰਡੀਗੜ੍ਹ: ਦੇਸ਼ ਵਿੱਚ ਬੇਰੁਜ਼ਗਾਰੀ ਦਾ ਆਲਮ ਇਹ ਹੈ ਕਿ ਸਿਰਫ 18,216 ਆਸਾਮੀਆਂ ਲਈ 17.26 ਲੱਖ ਉਮੀਦਵਾਰ ਪ੍ਰੀਖਿਆ ਦੇਣ ਲਈ ਪਹੁੰਚ ਗਏ। ਇਹ ਪ੍ਰੀਖਿਆ ਹਰਿਆਣਾ ਦੇ 11 ਜ਼ਿਲ੍ਹਿਆਂ ਵਿੱਚ ਗਰੁੱਪ ਡੀ ਦੀਆਂ 18,216 ਅਸਾਮੀਆਂ ਭਰਨ ਲਈ ਕਰਵਾਈ ਜਾ ਰਹੀ ਹੈ। ਹਰਿਆਣਾ ਸਰਵਿਸ ਸਿਲੈਕਸ਼ਨ ਕਮਿਸ਼ਨ (ਐਚਐਸਐਸਸੀ) ਵੱਲੋਂ ਲਈ ਜਾ ਰਹੀ ਪ੍ਰੀਖਿਆ ਵਿੱਚ 17.26 ਲੱਖ ਉਮੀਦਵਾਰ ਪਹੁੰਚ ਰਹੇ ਹਨ।


ਸ਼ਨੀਵਾਰ ਨੂੰ ਪਹਿਲੇ ਦਿਨ ਲਈ ਗਈ ਪ੍ਰੀਖਿਆ ਵਿੱਚ ਚਾਰ ਲੱਖ ਉਮੀਦਵਾਰਾਂ ਨੇ ਹਾਜ਼ਰੀ ਭਰੀ। ਹੁਣ 17 ਤੇ 18 ਨਵੰਬਰ ਨੂੰ ਪ੍ਰੀਖਿਆ ਹੋਣੀ ਹੈ। ਇਹ ਅਸਾਮੀਆਂ ਚਪੜਾਸੀ, ਬੇਲਦਾਰ, ਪਸ਼ੂ ਅਟੈਂਡੈਂਟ, ਹੈਲਪਰ ਤੇ ਮਾਲੀ ਦੀਆਂ ਹਨ।

ਐਚਐਸਐਸਸੀ ਦੇ ਚੇਅਰਮੈਨ ਭਾਰਤ ਭੂਸ਼ਣ ਨੇ ਕਿਹਾ ਕਿ 10, 17 ਤੇ 18 ਨਵੰਬਰ ਨੂੰ ਉਕਤ ਅਸਾਮੀਆਂ ਲਈ ਪ੍ਰੀਖਿਆ ਵਿੱਚ ਕੁੱਲ 17.26 ਲੱਖ ਉਮੀਦਵਾਰ ਬੈਠਣਗੇ। ਪਹਿਲੇ ਦਿਨ ਦੀ ਪ੍ਰੀਖਿਆ ਵਿੱਚ ਪੁੱਜਣ ਵਾਲੇ ਉਮੀਦਵਾਰਾਂ ਲਈ ਵਿਸ਼ੇਸ਼ ਰੇਲ ਗੱਡੀਆਂ ਤੇ ਬੱਸਾਂ ਚਲਾਈਆਂ ਗਈਆਂ ਸਨ।

ਪੰਚਕੂਲਾ, ਯਮੁਨਾਨਗਰ, ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਕੈਥਲ, ਹਿਸਾਰ, ਫਰੀਦਾਬਾਦ, ਗੁਰੂਗ੍ਰਾਮ ਤੇ ਪਲਵਲ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਹ ਪ੍ਰੀਖਿਆ ਸਵੇਰੇ ਤੇ ਸ਼ਾਮ ਦੋ ਹਿੱਸਿਆਂ ਵਿੱਚ ਲਈ ਜਾ ਰਹੀ ਹੈ।

Education Loan Information:

Calculate Education Loan EMI