Education Loan Information:
Calculate Education Loan EMIਮੈਥ ਤੇ ਸਾਇੰਸ ਨੂੰ ਅੰਗਰੇਜ਼ੀ ਮਾਧਿਅਮ 'ਚ ਪੜ੍ਹਾਉਣ 'ਤੇ ਭੜਕੀ 'ਆਪ', ਕੈਪਟਨ ਸਰਕਾਰ ਦਾ ਫ਼ੈਸਲਾ ਮਾਤ-ਭਾਸ਼ਾ ਵਿਰੋਧੀ ਕਰਾਰ
ਏਬੀਪੀ ਸਾਂਝਾ | 02 Feb 2019 07:57 PM (IST)
ਫਾਈਲ ਤਸਵੀਰ
ਚੰਡੀਗੜ੍ਹ: ਕੈਪਟਨ ਸਰਕਾਰ ਵੱਲੋਂ ਸਕੂਲਾਂ ਵਿੱਚ ਵਿਗਿਆਨ ਵਿਸ਼ੇ ਦੀ ਪੜ੍ਹਾਈ ਸਿਰਫ਼ ਅੰਗਰੇਜ਼ੀ ਭਾਸ਼ਾ ਵਿੱਚ ਕਰਵਾਉਣ 'ਤੇ ਆਮ ਆਦਮੀ ਪਾਰਟੀ ਨੇ ਸਖ਼ਤ ਸਟੈਂਡ ਲਿਆ ਹੈ। 'ਆਪ' ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਛੇਵੀਂ ਤੋਂ ਨੌਵੀਂ ਤਕ ਗਣਿਤ ਅਤੇ ਵਿਗਿਆਨ ਵਿਸ਼ਾ ਪੰਜਾਬੀ ਦੀ ਜਗ੍ਹਾ ਲਾਜ਼ਮੀ ਅੰਗਰੇਜ਼ੀ ਵਿੱਚ ਪੜਾਉਣ ਦੇ ਜਾਰੀ ਕੀਤੇ ਫ਼ੈਸਲੇ ਨੂੰ ਮਾਤ-ਭਾਸ਼ਾ ਵਿਰੋਧੀ ਫ਼ੈਸਲਾ ਕਰਾਰ ਦਿੱਤਾ। 'ਆਪ' ਦੀ ਪੰਜਾਬ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ 2100 ਸਰਕਾਰੀ ਸਕੂਲਾਂ ਨੂੰ ਪੱਤਰ ਜਾਰੀ ਕਰ ਕੇ ਇਹ ਕਹਿਣਾ ਕੀ 'ਉਹ ਨਵੇਂ ਵਿੱਦਿਅਕ ਸੈਸ਼ਨ ਤੋਂ 6ਵੀਂ ਤੋਂ 9ਵੀਂ ਤਕ ਦੇ ਵਿਦਿਆਰਥੀਆਂ ਨੂੰ ਗਣਿਤ ਤੇ ਵਿਗਿਆਨ ਪੰਜਾਬੀ ਦੀ ਜਗ੍ਹਾ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਉਣਗੇ' ਜੋ ਕਿ ਮਾਤ-ਭਾਸ਼ਾ ਵਿਰੋਧੀ ਫ਼ੈਸਲਾ ਹੈ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਇਹ ਫ਼ੈਸਲਾ ਦਰਸਾਉਂਦਾ ਹੈ ਕਿ ਉਹ ਮਾਤ-ਭਾਸ਼ਾ ਅਤੇ ਵਿਗਿਆਨਕ ਪੜਾਈ ਪ੍ਰਤੀ ਕਿੰਨੀ ਕੁ ਸੰਜੀਦਗੀ ਨਾਲ ਕੰਮ ਕਰ ਰਹੀ ਹੈ, ਕਿਉਂਕਿ ਸੁਭਾਵਿਕ ਹੈ ਕੀ ਜੇਕਰ ਵਿਦਿਆਰਥੀ ਇਨ੍ਹਾਂ ਵਿਸ਼ਿਆਂ ਨੂੰ ਮਾਤ-ਭਾਸ਼ਾ ਦੀ ਜਗ੍ਹਾ ਵਿਦੇਸ਼ੀ ਭਾਸ਼ਾ ਵਿਚ ਪੜ੍ਹਨਗੇ ਤਾਂ ਉਹ ਪੂਰੀ ਤਰ੍ਹਾਂ ਉਸ ਵਿਸ਼ੇ ਦਾ ਗਿਆਨ ਹਾਸਲ ਨਹੀਂ ਕਰ ਪਾਉਣਗੇ। ਇਹ ਕਦਮ ਉਨ੍ਹਾਂ ਨੂੰ ਗਣਿਤ ਅਤੇ ਵਿਗਿਆਨ ਦਾ ਪੂਰਾ ਗਿਆਨ ਹਾਸਲ ਕਰਨ ਦੇ ਅਸਮਰਥ ਬਣਾਏਗਾ ਅਤੇ ਭਵਿੱਖ ਨੂੰ ਗੈਰ ਵਿਗਿਆਨਕ। ਪ੍ਰਿੰਸੀਪਲ ਬੁੱਧ ਰਾਮ ਨੇ ਮੰਗ ਕੀਤੀ ਕਿ ਸਰਕਾਰ ਆਪਣੇ ਇਸ ਫ਼ੈਸਲੇ ਨੂੰ ਫ਼ੌਰੀ ਵਾਪਸ ਲਵੇ ਅਤੇ ਇਨ੍ਹਾਂ ਵਿਸ਼ਿਆਂ ਨੂੰ ਪੰਜਾਬੀ ਮਾਧਿਅਮ ਵਿੱਚ ਹੀ ਪੜਾਉਣ ਦੇ ਪੁਰਾਣੇ ਅਮਲ ਨੂੰ ਜਾਰੀ ਰੱਖੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਦਿਆਰਥੀਆਂ ਨੂੰ ਅੰਗਰੇਜ਼ੀ ਜਾਂ ਪੰਜਾਬੀ ਭਾਸ਼ਾ ਚੁਣਨ ਦਾ ਅਧਿਕਾਰ ਹੋਣਾ ਚਾਹੀਦਾ ਹੈ ਅਤੇ ਇਹ ਫੁਰਮਾਨ ਉਨ੍ਹਾਂ 'ਤੇ ਜ਼ਬਰਦਸਤੀ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ।