Education Loan Information:
Calculate Education Loan EMIਅਧਿਆਪਕ ਦਿਵਸ 'ਤੇ ਵਿਸ਼ੇਸ਼: ਵਿੱਦਿਆ ਤੋਂ ਵਾਂਝੇ ਬੱਚਿਆਂ ਨੂੰ ਮੁਫ਼ਤ ਪੜ੍ਹਾ ਰਿਹਾ ਰਿਕਸ਼ਾ ਚਾਲਕ ਦਾ ਪੁੱਤ
ਏਬੀਪੀ ਸਾਂਝਾ | 05 Sep 2018 04:59 PM (IST)
ਅੰਮ੍ਰਿਤਸਰ: ਭਾਰਤ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਨੂੰ ਭਾਰਤ ਵਿੱਚ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅਕਸਰ ਅਧਿਆਪਕ ਦਿਵਸ 'ਤੇ ਅਸੀਂ ਆਪਣੇ ਸਕੂਲ ਤੇ ਕਾਲਜ ਦੇ ਮਨਪਸੰਦ ਅਧਿਆਪਕਾਂ ਨੂੰ ਯਾਦ ਕਰਦੇ ਹਾਂ। ਪਰ ਅੱਜ ਅਸੀਂ ਤੁਹਾਨੂੰ ਅਜਿਹੇ ਵਿਅਕਤੀ ਨਾਲ ਮਿਲਵਾਉਣ ਜਾ ਰਹੇ ਹਾਂ, ਜਿਸ ਨੇ ਆਪ ਸਾਧਨਾਂ ਦੀ ਥੁੜ ਦੇ ਬਾਵਜੂਦ, ਨਾ ਸਿਰਫ ਖ਼ੁਦ ਪੜ੍ਹਾਈ-ਲਿਖਾਈ ਕੀਤੀ ਬਲਕਿ ਪੌਣੇ ਦੋ ਸੌ ਤੋਂ ਵੱਧ ਗ਼ਰੀਬ ਬੱਚਿਆਂ ਨੂੰ ਵਿੱਦਿਆ ਦਾ ਚਾਨਣ ਵੰਡ ਰਿਹਾ ਹੈ। ਮੂਲ ਰੂਪ ਵਿੱਚ ਬਿਹਾਰ ਦੇ ਰਹਿਣ ਵਾਲੇ ਇਸ ਨੌਜਵਾਨ ਮਿਥੁਨ ਕੁਮਾਰ ਦੀ ਸੇਵਾ ਦੀ ਮਿਸਾਲ ਅੱਜ ਦੇ ਜ਼ਮਾਨੇ ਵਿੱਚ ਕਿਤੇ ਹੋਰ ਨਹੀਂ ਮਿਲਦੀ। ਮਿਥੁਨ ਕੁਮਾਰ ਆਪਣੇ ਚਾਰ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹੈ। ਪਰਵਾਸੀ ਮਜ਼ਦੂਰ ਪਰਿਵਾਰ ਦੇ ਮੁਖੀ ਤੇ ਮਿਥੁਨ ਦੇ ਪਿਤਾ ਰਿਕਸ਼ਾ ਚਲਾਉਂਦੇ ਹਨ ਤੇ ਮਾਂ ਮਜ਼ਦੂਰੀ ਕਰਦੀ ਹੈ। ਨਿੱਕੀ ਉਮਰੇ ਹੀ ਮਿਥੁਨ ਦੇ ਮਾਪਿਆਂ ਨੇ ਉਸ ਨੂੰ ਪੜ੍ਹਾਉਣ ਦੀ ਥਾਂ ਮਜ਼ਦੂਰੀ ਕਰਨ ਲਾ ਦਿੱਤਾ। ਪੜ੍ਹਨ ਜ਼ਿਦ ਇੰਨੀ ਸੀ ਕਿ ਉਸ ਨੇ ਚਾਹ ਦੀ ਦੁਕਾਨ 'ਤੇ ਕੰਮ ਕਰਦਿਆਂ ਆਪਣਾ ਹੱਥ ਹੀ ਵੱਢ ਲਿਆ। ਕੰਮ ਕਰਨ ਤੋਂ ਅਸਮਰੱਥ ਮਿਥੁਨ ਨੂੰ ਉਸ ਦੇ ਮਾਪਿਆਂ ਨੇ ਪੜ੍ਹਨ ਲਾ ਦਿੱਤਾ। 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਮਿਥੁਨ ਨੇ ਦੱਸਿਆ ਕਿ ਅੱਠ ਸਾਲ ਦੀ ਉਮਰ ਵਿੱਚ ਉਸ ਨੇ ਯੂਕੇਜੀ ਕਲਾਸ ਵਿੱਚ ਦਾਖ਼ਲਾ ਲਿਆ ਤੇ ਆਪਣੀ ਪੜ੍ਹਾਨ ਦੀ ਲਗਨ ਸਦਕਾ ਉਸ ਨੇ ਬਾਰਾਂ ਸਾਲਾਂ ਵਿੱਚ ਹੀ ਆਪਣੀਆਂ ਬਾਰਾਂ ਜਮਾਤਾਂ ਪੂਰੀਆਂ ਕਰ ਲਈਆਂ। ਮਿਥੁਨ ਕੁਮਾਰ ਨੇ ਦੱਸਿਆ ਕਿ ਉਸ ਦੇ ਪਿੰਡ ਨੰਗਲੀ ਦੇ ਸਕੂਲ ਨਾ ਜਾ ਸਕਣ ਵਾਲੇ ਗ਼ਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਸਾਲ 2009 ਵਿੱਚ ਉਸ ਨੇ ਆਪਣੇ ਘਰ ਵਿੱਚ ਹੀ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਮਿਥੁਨ ਬਾਰੇ ਜਦ ਨੇੜੇ-ਤੇੜੇ ਹੋਰ ਲੋਕਾਂ ਪਤਾ ਲੱਗਾ ਤਾਂ ਉਨ੍ਹਾਂ ਨੇ ਵੀ ਆਪਣੇ ਬੱਚੇ ਉਸ ਕੋਲ ਭੇਜਣੇ ਸ਼ੁਰੂ ਕਰ ਦਿੱਤੇ। ਹੌਲੀ-ਹੌਲੀ ਬੱਚੇ ਵਧਦੇ ਗਏ ਤੇ ਮਿਥੁਨ ਨੇ ਇੱਕ ਹਜ਼ਾਰ ਰੁਪਏ ਕਿਰਾਏ 'ਤੇ ਖਾਲੀ ਪਲਾਟ ਤੇ ਕਮਰਾ ਲੈ ਲਿਆ ਤੇ ਉਸ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਮਿਥੁਨ ਨੇ ਇੱਥੋਂ ਆਪਣੇ ਛੋਟੇ ਜਿਹੇ ਸਕੂਲ ਦੀ ਸ਼ੁਰੂਆਤ ਕਰ ਦਿੱਤੀ ਸੀ। ਹੌਲੀ ਹੌਲੀ ਮਿਥੁਨ ਨੇ ਐੱਮ ਰਿਅਲ ਨਾਂ ਦੀ ਸੰਸਥਾ ਬਣਾਈ ਜਿਸ ਰਾਹੀਂ ਉਸ ਨੇ ਐੱਮ ਰੀਅਲ ਫ੍ਰੀ ਸਕੂਲ ਸ਼ੁਰੂ ਕਰ ਦਿੱਤਾ। ਹੁਣ ਮਿਥੁਨ ਦਾ ਐਮ ਰਿਅਲ ਸਕੂਲ ਰੋਜ਼ਾਨਾ ਦੋ ਸ਼ਿਫਟਾਂ ਵਿੱਚ ਲੱਗਦਾ ਹੈ, ਜਿੱਥੇ ਤਕਰੀਬਨ 175 ਬੱਚੇ ਪੜ੍ਹਦੇ ਹਨ। ਆਪਣੇ ਵਿਦਿਆਰਥੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਮਿਥੁਨ ਲੋਕਾਂ ਤੋਂ ਸਟੇਸ਼ਨਰੀ ਤੋਂ ਲੈ ਕੇ ਪੈਸਿਆਂ ਦੀ ਮਦਦ ਮੰਗਦਾ ਹੈ। ਉਹ ਕਿਤਾਬਾਂ, ਕਾਪੀਆਂ, ਪੈਨ-ਪੈਨਸਿਲਾਂ ਤੇ ਹੋਰ ਬੁਨਿਆਦੀ ਸਾਮਾਨ ਮੁਫ਼ਤ ਦਿੰਦਾ ਹੈ। ਮਿਥੁਨ ਨੇ ਦੱਸਿਆ ਕਿ ਉਸ ਨੂੰ ਲੋਕਾਂ ਕੋਲੋਂ ਮੰਗਣ ਵਿੱਚ ਕੋਈ ਸ਼ਰਮ ਨਹੀਂ ਆਉਂਦੀ ਤੇ ਨਾ ਹੀ ਉਸ ਨੂੰ ਇਸ ਗੱਲ ਦਾ ਕੋਈ ਫਿਕਰ ਹੁੰਦਾ ਹੈ ਕਿ ਕੋਈ ਉਸ ਦਾ ਮਜ਼ਾਕ ਉਡਾਵੇਗਾ। ਉਸ ਨੇ ਦੱਸਿਆ ਕਿ ਉਸ ਨੂੰ ਇਹ ਸਭ ਕਰ ਕੇ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ। ਅੱਜ ਮਿਥੁਨ ਕੋਲ ਤਿੰਨ ਅਧਿਆਪਕ ਪੜ੍ਹਾਉਣ ਵਾਲੇ ਹਨ ਤੇ ਉਹ ਖ਼ੁਦ ਆਪ ਵੀ ਪੜ੍ਹਾਉਂਦਾ ਹੈ। ਉਸ ਦੇ ਤਿੰਨ ਅਧਿਆਪਕ ਅਜਿਹੇ ਲੋੜਵੰਦ ਹਨ, ਜੋ ਖ਼ੁਦ ਦਸਵੀਂ ਜਾਂ ਬਾਰ੍ਹਵੀਂ ਕਰ ਚੁੱਕੇ ਹਨ ਤੇ ਅੱਗੇ ਵਧਣਾ ਚਾਹੁੰਦੇ ਹਨ। ਮਿਥੁਨ ਵੀ ਆਪਣੀ ਉਚੇਰੀ ਪੜ੍ਹਾਈ ਕਰ ਰਿਹਾ ਹੈ। ਇੰਨਾ ਹੀ ਨਹੀਂ ਮਿਥੁਨ ਦੀ ਅਧਿਆਪਕ ਅਜਿਹੀ ਹੈ, ਜਿਸ ਦੇ ਤਿੰਨ ਬੱਚੇ ਹਨ। ਉਨ੍ਹਾਂ ਬੱਚਿਆਂ ਨੂੰ ਵੀ ਮਿਥੁਨ ਹੀ ਪੜ੍ਹਾਉਂਦਾ ਹੈ। ਮਿਥੁਨ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਸਰਕਾਰਾਂ ਨੇ ਉਸ ਸਿਰਫ ਐਵਾਰਡ ਦਿੱਤੇ, ਪਰ ਕਦੀ ਮਾਲੀ ਮਦਦ ਨਹੀਂ ਕੀਤੀ। ਮਿਥੁਨ ਨੇ ਆਪਣੇ ਆਪ ਦਸ ਲੱਖ ਰੁਪਏ ਇਕੱਠੇ ਕਰਕੇ ਬਿਲਡਿੰਗ ਵਿੱਚ ਸਕੂਲ ਬਣਾਇਆ। ਮਿਥੁਨ ਨੇ ਦੱਸਿਆ ਕਿ ਉਸ ਦਾ ਇੱਕੋ ਹੀ ਟੀਚਾ ਹੈ ਕਿ ਉਸ ਦੇ ਇਲਾਕੇ ਦਾ, ਪੰਜਾਬ ਦਾ ਅਤੇ ਦੇਸ਼ ਦਾ ਕੋਈ ਵੀ ਬੱਚਾ ਅਨਪੜ੍ਹ ਨਾ ਰਹੇ।