ਚੰਡੀਗੜ੍ਹ: ਸਿੱਖਿਆ ਮੰਤਰੀ ਓਪੀ ਸੋਨੀ ਨੇ ਅਧਿਆਪਕਾਂ ਨੂੰ ਸਬਕ ਸਿਖਾਉਣ ਲਈ ਬਦਲੀਆਂ ਦਾ ਹੜ੍ਹ ਲਿਆ ਦਿੱਤਾ ਹੈ। ਉਨ੍ਹਾਂ ਨੇ 28 ਤੇ 29 ਨਵੰਬਰ ਨੂੰ ਤਨਖਾਹ ਕਟੌਤੀ ਦੀ ਸ਼ਰਤ ਨਾ ਮੰਨਣ ਵਾਲੇ ਅਧਿਆਪਕਾਂ ਨੂੰ ਦੂਰ-ਦੁਰਾਡੇ ਬਦਲ ਦਿੱਤਾ ਹੈ। ਇਹ ਬਦਲੀਆਂ ਆਰਜ਼ੀ ਕੀਤੀਆਂ ਗਈਆਂ ਹਨ ਜਿਸ ਦਾ ਮਕਸਦ ਸਰਕਾਰ ਦੀ ਸ਼ਰਤ ਕਬੂਲ ਕਰਨ ਲਈ ਦਬਾਅ ਬਣਾਉਣਾ ਹੈ। ਸਰਕਾਰ ਚਾਹੁੰਦੀ ਹੈ ਕਿ 30 ਨਵੰਬਰ ਤੱਕ ਡਰਾ ਕੇ ਵੱਧ ਤੋਂ ਵੱਧ ਅਧਿਆਪਕਾਂ ਨੂੰ ਤਨਖਾਹ ਕਟੌਤੀ ਦੀ ਸ਼ਰਤ ਮਨਾ ਲਈ ਜਾਵੇ।

ਦਰਅਸਲ ਸਰਕਾਰ ਨੇ ਤਨਖਾਹ ਕਟੌਤੀ ਦੀ ਸ਼ਰਤ ਮੰਨਣ ਲਈ ਸਮਾਂ ਸੀਮਾ ਵਧਾ ਕੇ 30 ਨਵੰਬਰ ਕਰ ਦਿੱਤੀ ਸੀ ਪਰ ਅਧਿਆਪਕਾਂ ਨੇ ਸਰਕਾਰੀ ਸ਼ਰਤ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਗੁੱਸੇ ਹੋ ਕੇ ਸਿੱਖਿਆ ਮੰਤਰੀ ਨੇ ਸਖਤੀ ਲਈ ਡੰਡਾ ਚੁੱਕ ਲਿਆ। ਦਿਲਚਸਪ ਗੱਲ਼ ਹੈ ਕਿ ਪਾਸੇ ਸਿੱਖਿਆ ਮੰਤਰੀ ਕਹਿ ਰਹੇ ਹਨ ਕਿ ਅਧਿਆਪਕਾਂ ਕੋਲ ਦੋਵੇਂ ਔਪਸ਼ਨ ਹਨ। ਉਹ 15,000 ਰੁਪਏ ਵਾਲੀ ਸ਼ਰਤ ਮੰਨ ਕੇ ਰੈਗੂਲਰ ਹੋ ਸਕਦੇ ਹਨ ਜਾਂ ਮੌਜੂਦਾ ਤਨਖਾਹ ਨਾਲ ਸੁਸਾਇਟੀਆਂ ਵਿੱਚ ਕੰਮ ਜਾਰੀ ਰੱਖ ਸਕਦੇ ਹਨ। ਇਸ ਲਈ ਉਨ੍ਹਾਂ ਉੱਪਰ ਕੋਈ ਦਬਾਅ ਨਹੀਂ।

ਸਿੱਖਿਆ ਮੰਤਰੀ ਇੰਨੀ ਸਖਤੀ ਵਰਤ ਰਹੇ ਹਨ ਕਿ ਅਧਿਆਪਕ ਆਗੂ ਜਸਬੀਰ ਸਿੰਘ ਤਲਵਾੜਾ ਦੀਆਂ 5 ਨਵੰਬਰ ਤੋਂ 27 ਨਵੰਬਰ ਤਕ ਤਿੰਨ ਵਾਰ ਬਦਲੀਆਂ ਕਰਕੇ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਦੀ 5 ਨਵੰਬਰ ਨੂੰ ਦੋ ਘੰਟਿਆਂ ਵਿੱਚ ਦੋ ਵਾਰ ਬਦਲੀ ਕੀਤੀ ਗਈ ਹੈ। ਵਿਭਾਗ ਨੇ 5 ਨਵੰਬਰ ਨੂੰ ਪਹਿਲਾਂ ਉਸ ਨੂੰ ਸਕੂਲ ਹਲੇੜ (ਹੁਸ਼ਿਆਰਪੁਰ) ਤੋਂ ਸਕੂਲ ਕਿੱਤਣਾ (ਹੁਸਿਆਰਪੁਰ) ਬਦਲਿਆ ਗਿਆ ਤੇ ਫਿਰ ਦੋ ਘੰਟਿਆਂ ਬਾਅਦ ਹੀ ਸਕੂਲ ਕੋਟਲੀ ਸਰੂਖਾ (ਤਰਨ ਤਾਰਨ) ਬਦਲ ਦਿੱਤਾ। ਇਸ ਮਗਰੋਂ ਉਸ ਨੂੰ 27 ਨਵੰਬਰ ਨੂੰ ਮੁੜ ਬਦਲ ਕੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਧਗਾਣਾ ਦੇ ਸਕੂਲ ’ਚ ਭੇਜ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਅਧਿਆਪਕ ਆਗੂਆਂ ਜਗਸੀਰ ਸਹੋਤਾ, ਦਿਗਵਿਜੈ ਪਾਲ ਸ਼ਰਮਾ ਆਦਿ ਦਰਜਨਾਂ ਆਗੂਆਂ ਦੀਆਂ ਦੂਰ-ਦੁਰਾਡੇ ਬਦਲੀਆਂ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ 8 ਅਧਿਆਪਕ ਆਗੂਆਂ ਜਿਨ੍ਹਾਂ ਵਿਚੋਂ ਠੇਕੇ ’ਤੇ ਕੰਮ ਕਰਦੇ 5 ਆਗੂਆਂ ਹਰਦੀਪ ਟੋਡਰਮੱਲ, ਦੀਦਾਰ ਮੁੱਦਕੀ, ਹਰਵਿੰਦਰ ਰਖੜਾ, ਭਰਤ ਕੁਮਾਰ ਤੇ ਹਰਜੀਤ ਜੀਦਾ ਤੇ ਤਿੰਨ ਰੈਗੂਲਰ ਅਧਿਆਪਕ ਆਗੂਆਂ ਅਮਨਜੀਤ ਸ਼ਰਮਾ, ਅਜੀਬ ਦਿਵੇਦੀ ਤੇ ਰਮੇਸ਼ ਹੁਸ਼ਿਆਰਪੁਰੀ ਨੂੰ ਮੁਅੱਤਲ ਕੀਤਾ ਗਿਆ ਹੈ। ਠੇਕੇ ਵਾਲੇ ਅਧਿਆਪਕ ਆਗੂਆਂ ਨੂੰ ਨੌਕਰੀਆਂ ਤੋਂ ਬਰਖਾਸਤ ਕਰਨ ਦੀਆਂ ਘੁਰਕੀਆਂ ਵੀ ਮਾਰੀਆਂ ਜਾ ਰਹੀਆਂ ਹਨ।

ਕਾਬਲੇਗੌਰ ਹੈ ਕਿ ਸਾਂਝਾ ਅਧਿਆਪਕ ਮੋਰਚਾ ਠੇਕਾ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ਵਿੱਚ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ 54 ਦਿਨਾਂ ਤੋਂ ਪਟਿਆਲਾ ਵਿੱਚ ਧਰਨਾ ਮਾਰ ਕੇ ਬੈਠਾ ਹੈ। ਮੋਰਚੇ ਵੱਲੋਂ ਇਸ ਜਬਰ ਦੀ ਹਨੇਰੀ ਵਿਰੁੱਧ ਦੋ ਦਸੰਬਰ ਨੂੰ ਹੋਰ ਜਨਤਕ ਜਥੇਬੰਦੀਆਂ ਨਾਲ ਮਿਲਕੇ ਪਟਿਆਲਾ ਨੂੰ ਚੁਫੇਰਿਓਂ ਜਾਮ ਕਰਨ ਦਾ ਸੱਦਾ ਦਿੱਤਾ ਹੈ। ਇਸ ਦਿਨ ਅਧਿਆਪਕ ਵਰਗ ਦੇ ਰੋਹ ਦਾ ਲਾਵਾ ਫੁੱਟ ਸਕਦਾ ਹੈ।

ਅਧਿਆਪਕ ਮੋਰਚੇ ਦੇ ਲੀਡਰਾਂ ਦਾ ਕਹਿਣਾ ਹੈ ਕਿ ਜਿੱਥੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਧਿਆਪਕ ਆਗੂਆਂ ਦੀਆਂ ਬਦਲੀਆਂ ਤੇ ਮੁਅੱਤਲੀਆਂ ਕਰਕੇ ਜਬਰ ਢਾਹੁਣ ਦਾ ਕੋਈ ਯਤਨ ਨਹੀਂ ਛੱਡ ਰਹੇ, ਉੱਥੇ ਹੁਣ 15 ਹਜ਼ਾਰ ਰੁਪਏ ਤਨਖਾਹ ਲੈਣ ਦੀ ਸਹਿਮਤੀ ਨਾ ਦੇਣ ਵਾਲਿਆਂ (ਨਾਨ-ਕਲਿੱਕਰਾਂ) ਦੀਆਂ ਵੀ ਬਦਲੀਆਂ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਕਲਿੱਕ ਕਰਨ ਵਾਲੇ ਅਧਿਆਪਕਾਂ ਨੂੰ ਮਨਚਾਹੇ ਸਟੇਸ਼ਨ ਦੇਣ ਦਾ ਲਾਲਚ ਦੇ ਕੇ ਨਾਨ-ਕਲਿੱਕਰਾਂ ਦੀਆਂ ਬਦਲੀਆਂ ਕਰਨ ਦਾ ਰਾਹ ਖੋਲ੍ਹ ਦਿੱਤਾ ਹੈ।

Education Loan Information:

Calculate Education Loan EMI