ਪਟਿਆਲਾ: ਕੈਨੇਡਾ 'ਚ ਰੁਜ਼ਗਾਰ ਦੇ ਪੱਖ ਤੋਂ ਪੰਜਾਬੀ ਵਿਦਿਆਰਥੀਆਂ ਦਾ ਭਵਿੱਖ ਪਹਿਲਾਂ ਵਾਂਗ ਹੀ ਸੁਰੱਖਿਅਤ ਹੈ। ਇਹ ਦਾਅਵਾ ਕੈਨੇਡਾ ਦੇ ਸੰਸਦ ਮੈਂਬਰ ਸੁੱਖ ਧਾਲੀਵਾਲ ਨੇ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਵਿੱਚ 8ਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ ਵਿੱਚ ਪਹੁੰਚੇ ਕੈਨੇਡਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਕੈਨੇਡਾ ਵਿੱਚ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੋਣ ਦੀ ਗੱਲ ਮਹਿਜ਼ ਅਫ਼ਵਾਹ ਹੈ।


ਉਨ੍ਹਾਂ ਆਖਿਆ ਕਿ ਕੈਨੇਡਾ ਸਰਕਾਰ ਪਰਵਾਸੀ ਵਿਦਿਆਰਥੀਆਂ ਦਾ ਪੂਰਾ ਖ਼ਿਆਲ ਰੱਖ ਰਹੀ ਹੈ, ਪਰ ਵਿਦਿਆਰਥੀਆਂ ਨੂੰ ਸਿਰਤੋੜ ਮਿਹਨਤ ਕਰਨ ਦੀ ਲੋੜ ਹੈ। ਧਾਲੀਵਾਲ ਨੇ ਆਖਿਆ ਕਿ ਜਦੋਂ ਉਹ 1983 ਵਿੱਚ ਕੈਨੇਡਾ ਗਏ ਸਨ ਤਾਂ ਉਦੋਂ ਪੰਜਾਬੀਆਂ ਨੂੰ ਹੋਰ ਵੀ ਮਿਹਨਤ ਕਰਨੀ ਪੈਂਦੀ ਸੀ, ਜਦੋਂਕਿ ਹੁਣ ਕੈਨੇਡਾ ਦੇ ਵੱਖ-ਵੱਖ ਇਲਾਕਿਆਂ ਵਿੱਚ ਵੱਡੀ ਗਿਣਤੀ ਪੰਜਾਬੀ ਭਾਈਚਾਰੇ ਦਾ ਵਸੇਬਾ ਹੋਣ ਕਾਰਨ ਪੰਜਾਬੀ ਪਾੜ੍ਹਿਆਂ ਲਈ ਰਹਿਣਾ ਪਹਿਲਾਂ ਨਾਲੋਂ ਕੁਝ ਸੌਖਾ ਹੈ।

ਉਨ੍ਹਾਂ ਦੱਸਿਆ ਕਿ ਕੈਨੇਡਾ ਵਿੱਚ ਵੱਸਣ ਲਈ ਪਹਿਲਾਂ-ਪਹਿਲਾਂ ਉਨ੍ਹਾਂ ਖ਼ੁਦ ਵੀ ਟੈਕਸੀ ਚਲਾ ਕੇ ਗੁਜ਼ਾਰਾ ਕੀਤਾ ਸੀ। ਧਾਲੀਵਾਲ ਨੇ ਆਖਿਆ ਕਿ ਅੱਜ ਦੀ ਤਰੀਕ ਵਿੱਚ ਪਰਵਾਸੀ ਵਿਦਿਆਰਥੀਆਂ ਲਈ ਅਥਾਹ ਮੌਕੇ ਹਨ, ਬੱਸ ਮਿਹਨਤ ਕਰਨ ਦਾ ਜਿਗਰਾ ਹੋਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਜਿਉਂ-ਜਿਉਂ ਕੈਨੈਡਾ ਵਿੱਚ ਪੰਜਾਬੀਆਂ ਦੀ ਗਿਣਤੀ ਵੱਧ ਰਹੀ ਹੈ, ਤਿਉਂ-ਤਿਉਂ ਪੰਜਾਬੀ ਬੋਲੀ ਦਾ ਵੀ ਪਸਾਰ ਹੋ ਰਿਹਾ ਹੈ।

Education Loan Information:

Calculate Education Loan EMI