ਚੰਡੀਗੜ੍ਹ: ਪਿਛਲੇ ਦੋ ਹਫ਼ਤਿਆਂ ਦੌਰਾਨ ਕੈਨੇਡਾ ਵੱਲੋਂ ਵੱਡੀ ਗਿਣਤੀ ’ਚ ਸਟੂਡੈਂਟ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਹਨ। ਜਿਹੜੇ ਬੱਚਿਆਂ ਨੇ IELTS ’ਚ ਹਾਈ ਸਕੋਰ ਹਾਸਲ ਕੀਤੇ ਹੋਏ ਹਨ; ਉਨ੍ਹਾਂ ਨੂੰ ਵੀ ਹੁਣ ਵੀਜ਼ਾ ਨਹੀਂ ਮਿਲ ਰਿਹਾ। ਇਸ ਤੋਂ ਪਹਿਲਾਂ ਕੈਨੇਡਾ ਨੇ ਇੰਨੀ ਵੱਡੀ ਗਿਣਤੀ ’ਚ ਸਟੂਡੈਂਟਸ ਦੀਆਂ ਵੀਜ਼ਾ ਅਰਜ਼ੀਆਂ ਰੱਦ ਨਹੀਂ ਕੀਤੀਆਂ। ਹੁਣ ਇਨ੍ਹਾਂ ਵਿਦਿਆਰਥੀਆਂ ਨੂੰ ਸਟੂਡੈਂਟ ਵੀਜ਼ਿਆਂ ਲਈ ਆਪਣੀਆਂ ਅਰਜ਼ੀਆਂ ਦੁਬਾਰਾ ਦਾਖ਼ਲ ਕਰਨੀਆਂ ਹੋਣਗੀਆਂ।
ਜਿਨ੍ਹਾਂ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ ਹਨ, ਉਨ੍ਹਾਂ ਦੀ ਗਿਣਤੀ ਹਜ਼ਾਰਾਂ ’ਚ ਹੈ। ਲਗਪਗ ਹਰੇਕ ਇਮੀਗ੍ਰੇਸ਼ਨ ਸਲਾਹਕਾਰ ਦੀਆਂ ਸਟੂਡੈਂਟ ਵੀਜ਼ਾ ਅਰਜ਼ੀਆਂ ਹੁਣ ਰੱਦ ਹੋ ਰਹੀਆਂ ਹਨ। ਕੋਰੋਨਾ ਮਹਾਮਾਰੀ ਕਾਰਣ ਲੱਗੇ ਲੌਕਡਾਊਨਜ਼ ਤੇ ਅੰਤਰਰਾਸ਼ਟਰੀ ਉਡਾਣਾਂ (ਫ਼ਲਾਈਟਸ Flights) ਉੱਤੇ ਪਾਬੰਦੀਆਂ ਕਾਰਣ ਐਤਕੀਂ ਭਾਰਤੀ ਵਿਦਿਆਰਥੀ ਡਾਢੇ ਪਰੇਸ਼ਾਨ ਹੋ ਰਹੇ ਹਨ। ਇਕੱਲੇ ਕੈਨੇਡਾ ਜਾ ਕੇ ਉੱਚ ਸਿੱਖਿਆ ਹਾਸਲ ਕਰਨ ਵਾਲੇ 3.5 ਲੱਖ ਭਾਰਤੀ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਇਸ ਵੇਲੇ ਕੈਨੇਡੀਅਨ ਦੂਤਾਵਾਸ ’ਚ ਮੁਲਤਵੀ ਪਈਆਂ ਹਨ। ਇੰਨੇ ਵੱਡੇ ਬੈਕਲੌਗ ਨੂੰ ਤੁਰੰਤ ਕਲੀਅਰ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਪ੍ਰਭਾਵਿਤ ਹੋਇਆਂ ’ਚੋਂ ਵੱਡੀ ਗਿਣਤੀ ਪੰਜਾਬੀ ਵਿਦਿਆਰਥੀਆਂ ਦੀ ਹੈ।
ਜਿਹੜੇ ਕਈ ਵਿਦਿਆਰਥੀਆਂ ਨੂੰ ਪਿਛਲੇ ਵਰ੍ਹੇ ਕੈਨੇਡੀਅਨ ਕਾਲਜਾਂ ’ਚ ਦਾਖ਼ਲੇ ਮਿਲ ਗਏ ਸਨ, ਉਨ੍ਹਾਂ ਨੇ ਪਹਿਲੇ ਸੀਮੈਸਟਰ ਔਨਲਾਈਨ ਕਲਾਸਾਂ ਲਾ ਕੇ ਮੁਕੰਮਲ ਕੀਤੇ ਹਨ ਪਰ ਹੁਣ ਦੂਜੇ ਸਾਲ ਲਈ ਉਨ੍ਹਾਂ ਵਿਦਿਆਰਥੀਆਂ ਨੇ ਕੈਨੇਡਾ ਜਾਣਾ ਹੈ ਪਰ ਉਨ੍ਹਾਂ ਦੀਆਂ ਵੀਜ਼ਾ ਅਰਜ਼ੀਆਂ ਹਾਲੇ ਦੂਤਾਵਾਸ ਤੇ ਹੋਰ ਕੈਨੇਡੀਅਨ ਵੀਜ਼ਾ ਸੈਂਟਰਾਂ ’ਚ ਰੁਲ਼ ਰਹੀਆਂ ਹਨ। ‘ਇੰਡੀਅਨ ਐਕਸਪ੍ਰੈੱਸ’ ਅਨੁਸਾਰ ਹੁਣ ਕੈਨੇਡਾ ਸਰਕਾਰ ਵਿਦਿਆਰਥੀਆਂ ਦੀਆਂ 60% ਵੀਜ਼ਾ ਅਰਜ਼ੀਆਂ ਰੱਦ ਕਰ ਰਹੀ ਹੈ; ਜਿਸ ਕਾਰਣ ਉਨ੍ਹਾਂ ਦੇ ਮਾਪੇ ਵੀ ਡਾਢੇ ਪ੍ਰੇਸ਼ਾਨ ਹਨ।
ਉਂਝ ਔਨਲਾਈਨ ਕਲਾਸਾਂ ਲਾਉਣ ਵਾਲੇ ਵਿਦਿਆਰਥੀਆਂ ਨੂੰ ਹੁਣ ‘ਵੀਜ਼ਾ ਐਪਰੂਵਲ ਇਨ ਪ੍ਰਿੰਸੀਪਲ’ (AIP) ਦਿੱਤੀ ਜਾ ਰਹੀ ਹੈ। ਇਹ ਪ੍ਰਵਾਨਗੀ ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਮਿਲ ਰਹੀ ਹੈ, ਜਿਨ੍ਹਾਂ ਨੇ IELTS ਕਲੀਅਰ ਕੀਤੀ ਹੋਈ ਹੈ ਤੇ ਇੱਕ ਸਾਲ ਦੀ ਫ਼ੀਸ ਵੀ ਕੈਨੇਡੀਅਨ ਯੂਨੀਵਰਸਿਟੀ ’ਚ ਜਮ੍ਹਾ ਕਰਵਾ ਦਿੱਤੀ ਹੈ। ਕੋਵਿਡ ਕਾਰਣ ਵੀਜ਼ਾ ਪ੍ਰਵਾਲਗੀ ਨੂੰ AIP ਅਤੇ ਬਾਇਓਮੀਟ੍ਰਿਕਸ (Biometrics) ਦੋ ਭਾਗਾਂ ’ਚ ਵੰਡ ਦਿੱਤਾ ਗਿਆ ਹੈ।
ਹੁਣ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ; ਜਿਨ੍ਹਾਂ ਵਿੱਚ ਵਿਦਿਆਰਥੀ ਨੇ ਜੇ ਕਿਸੇ ਔਖੇ ਵਿਸ਼ੇ ਲਈ ਕੈਨੇਡੀਅਨ ਯੂਨੀਵਰਸਿਟੀ ’ਚ ਦਾਖ਼ਲਾ ਲਿਆ ਹੈ, ਤਾਂ ਉਸ ਦੀ ਵੀਜ਼ਾ ਅਰਜ਼ੀ ਪ੍ਰਵਾਨ ਹੋ ਜਾਂਦੀ ਹੈ ਪਰ ਜੇ ਕੋਈ ਸੌਖਾ ਕੋਰਸ ਹੁੰਦਾ ਹੈ, ਤਾਂ ਇਹ ਸਮਝ ਲਿਆ ਜਾਂਦਾ ਹੈ ਕਿ ਇਸ ਵਿਦਿਆਰਥੀ ਨੇ ਔਨਲਾਈਨ ਕਲਾਸਾਂ ਰਾਹੀਂ ਕਾਫ਼ੀ ਕੁਝ ਸਿੱਖ ਲਿਆ ਹੋਵੇਗਾ; ਇਸ ਲਈ ਉਸ ਦੀ ਵੀਜ਼ਾ ਅਰਜ਼ੀ ਰੱਦ ਕਰ ਦਿੱਤੀ ਜਾਂਦੀ ਹੈ। ਕੈਨੇਡੀਅਨ ਅਧਿਕਾਰੀ ਵਿਦਿਆਰਥੀ ਇਹ ਵੀ ਨਹੀਂ ਦੱਸਦੇ ਕਿ ਆਖ਼ਰ ਉਸ ਦੀ ਵੀਜ਼ਾ ਅਰਜ਼ੀ ਕਿਉਂ ਰੱਦ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਰਾਹੁਲ ਗਾਂਧੀ 'ਤੇ ਚੁਫੇਰਿਓਂ ਸ਼ਿਕੰਜਾ! ਟਵਿੱਟਰ ਮਗਰੋਂ ਫ਼ੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਵੀ ਹੋਵੇਗਾ ਲੌਕ? ਕੌਮੀ ਕਮਿਸ਼ਨ ਦਾ ਐਕਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI