ਤਰਨਤਾਰਨ: ਤਰਨਤਾਰਨ ਦੇ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਵੀਰਮ ਨਜ਼ਦੀਕ ਇੱਕ ਬਜ਼ੁਰਗ ਔਰਤ ਦੀ ਅੱਗ ਲੱਗੇ ਹੋਏ ਪਰਾਲੀ ਦੇ ਖੇਤ 'ਚ ਡਿੱਗਣ ਨਾਲ ਮੌਤ ਹੋ ਗਈ। ਕਰੀਬ 65 ਸਾਲਾ ਬਜ਼ੁਰਗ ਔਰਤ ਅੱਗ ਨਾਲ ਬੁਰੀ ਤਰੀਕੇ ਨਾਲ ਝੁਲਸ ਗਈ। ਕਿਸਾਨ ਵੱਲੋਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਕਾਰਨ ਹੋਏ ਧੂੰਏਂ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੈ।


ਜਾਣਕਾਰੀ ਅਨੁਸਾਰ ਬਜ਼ੁਰਗ ਮਨਜੀਤ ਕੌਰ ਸਕੂਟਰੀ 'ਤੇ ਆਪਣੇ ਪੋਤਰੇ ਲਵਪ੍ਰੀਤ ਸਿੰਘ ਨਾਲ ਘਰ ਆ ਰਹੀ ਸੀ ਤਾਂ ਰਸਤੇ 'ਚ ਕਿਸੇ ਕਿਸਾਨ ਨੇ ਆਪਣੀ ਜ਼ਮੀਨ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਹੋਈ ਸੀ। ਇਸ ਅੱਗ ਦੇ ਨਜ਼ਦੀਕ ਆ ਕੇ ਲਵਪ੍ਰੀਤ ਸਿੰਘ ਧੂੰਏਂ ਵਿੱਚ ਫਸ ਗਿਆ।






ਸਕੂਟਰੀ  ਬੇਕਾਬੂ ਹੋ ਗਈ, ਜਿਸ ਨਾਲ ਲਵਪ੍ਰੀਤ ਸਿੰਘ ਪੱਕੀ ਸੜਕ 'ਤੇ ਡਿੱਗ ਪਿਆ ਜਦਕਿ ਬਜ਼ੁਰਗ ਮਨਜੀਤ ਕੌਰ ਸਕੂਟਰੀ ਸਮੇਤ ਪਰਾਲੀ ਨੂੰ ਅੱਗ ਲੱਗੇ ਖੇਤਾਂ ਵਿੱਚ ਡਿੱਗ ਗਈ। ਔਰਤ ਨੂੰ ਕਰੀਬ ਵੀਹ ਮਿੰਟ ਬਾਅਦ ਪਿੰਡ ਵਾਸੀਆਂ ਨੇ ਖੇਤ 'ਚੋਂ ਕੱਢਿਆ। '




ਔਰਤ 80 ਫ਼ੀਸਦ ਤੱਕ ਅੱਗ ਨਾਲ ਝੁਲਸ ਗਈ ਸੀ, ਜਦਕਿ ਸਕੂਟਰੀ ਦਾ ਸਿਰਫ਼ ਢਾਂਚਾ ਹੀ ਬਚਿਆ। ਮਨਜੀਤ ਕੌਰ ਨੂੰ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ, ਪਰ ਡਾਕਟਰ ਵੱਲੋਂ ਉਸ ਦੀ ਹਾਲਤ ਨੂੰ ਵੇਖਦਿਆਂ ਹੋਇਆਂ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਇਸ ਦੌਰਾਨ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ।