ਚੰਡੀਗੜ੍ਹ: ਖੇਤੀ ਕਨੂੰਨਾਂ ਦੇ ਵਿਰੋਧ 'ਚ ਦਿੱਲੀ ਸਣੇ ਪੰਜਾਬ ਭਰ 'ਚ ਵੀ ਵਿਰੋਧ ਜਾਰੀ ਹੈ। ਲੋਕਾਂ ਵੱਲੋਂ ਬੀਜੇਪੀ ਲੀਡਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ ਬੀਜੇਪੀ ਦੇ ਕਿਸੇ ਵੀ ਸਮਾਗਮ ਜਾਂ ਮੀਟਿੰਗ 'ਚ ਵਿਘਨ ਪਾਇਆ ਜਾ ਰਿਹਾ ਹੈ। ਪਿਛਲੇ ਦਿਨੀਂ ਸਾਬਕਾ ਮੰਤਰੀ ਤੇ ਪੰਜਾਬ ਦੇ ਸੀਨੀਅਰ ਲੀਡਰ ਤੀਕਸ਼ਣ ਸੂਦ ਦੇ ਘਰ ਦੇ ਬਾਹਰ ਗਾਂ ਦੇ ਗੋਬਰ ਸੁੱਟਣ ਕਾਰਨ ਹੋਏ ਹੰਗਾਮੇ ਤੋਂ ਬਾਅਦ ਪੰਜਾਬ ਪੁਲਿਸ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਯੋਜਨਾਵਾਂ ਬਣਾ ਰਹੀ ਹੈ।


ਇਸ ਲਈ, ਪੰਜਾਬ ਪੁਲਿਸ ਨੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਸੀਨੀਅਰ ਲੀਡਰਾਂ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਸ਼ਨੀਵਾਰ ਨੂੰ ਡੀਜੀਪੀ ਦਫਤਰ ਨੇ ਸੁਰੱਖਿਆ ਵਿੰਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਮੌਜੂਦਾ ਸੁਰੱਖਿਆ ਦਾ ਜਾਇਜ਼ਾ ਲਿਆ।


ਡੀਜੀਪੀ ਦਫਤਰ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ ਕਿ ਜਿਨ੍ਹਾਂ ਬੀਜੇਪੀ ਲੀਡਰਾਂ ਖ਼ਿਲਾਫ਼ ਕਿਸਾਨ ਲਗਾਤਾਰ ਧਰਨੇ ਤੇ ਘੇਰਾਬੰਦੀ ਦੀ ਗੱਲ ਕਰ ਰਹੇ ਹਨ ਉਨ੍ਹਾਂ ਦੀ ਸੁਰੱਖਿਆ ਨੂੰ ਤੁਰੰਤ ਪ੍ਰਭਾਵ ਨਾਲ ਵਧਾਇਆ ਜਾਵੇ ਤਾਂ ਜੋ ਪਿਛਲੇ ਦਿਨ ਵਰਗੀ ਘਟਨਾ ਦੁਬਾਰਾ ਨਾ ਵਾਪਰੇ ਤੇ ਸੂਬੇ ਵਿੱਚ ਕੋਈ ਅਣਸੁਖਾਵੀਂ ਘਟਨਾ ਨਾ ਹੋਵੇ।




ਸੂਤਰ ਦੱਸਦੇ ਹਨ ਕਿ ਇਨ੍ਹਾਂ ਭਾਜਪਾ ਲੀਡਰਾਂ 'ਚ ਸ਼ਵੇਤ ਮਲਿਕ, ਮਦਨ ਮੋਹਨ ਮਿੱਤਲ, ਤੀਕਸ਼ਣ ਸੂਦ, ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਆਦਿ ਦੀ ਮੌਜੂਦਾ ਸੁਰੱਖਿਆ ਨੂੰ ਵਧਾ ਦਿੱਤਾ ਜਾਵੇਗਾ। ਹਾਲਾਂਕਿ ਕੇਂਦਰ ਸਰਕਾਰ ਵੱਲੋਂ ਅਸ਼ਵਨੀ ਸ਼ਰਮਾ ਨੂੰ ਵਾਈ ਪਲੱਸ ਸ਼੍ਰੇਣੀ ਤਹਿਤ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।




ਇਸ ਦੇ ਨਾਲ ਹੀ ਪੰਜਾਬ ਪੁਲਿਸ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਾਂ ਦੀ ਸੁਰੱਖਿਆ ਦਾ ਜਾਇਜ਼ਾ ਵੀ ਲਵੇਗੀ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਿੱਚ ਵੀ ਵਾਧਾ ਕੀਤਾ ਜਾਵੇਗਾ। ਹਾਲਾਂਕਿ ਕਿਸਾਨ ਲੀਡਰਾਂ ਨੇ ਇਨ੍ਹਾਂ ਨੇਤਾਵਾਂ ਦੀ ਘੇਰਾਬੰਦੀ ਆਦਿ ਦੀ ਕੋਈ ਚੇਤਾਵਨੀ ਨਹੀਂ ਦਿੱਤੀ ਹੈ, ਪਰ ਪਿਛਲੇ ਸਮੇਂ ਵਿੱਚ ਕਿਸਾਨਾਂ ਨੇ ਅਕਾਲੀ ਦਲ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ ਹੈ ਕਿ ਜੇ ਉਹ ਸਮੇਂ ਸਿਰ ਕਾਨੂੰਨਾਂ ਦਾ ਵਿਰੋਧ ਨਾ ਕਰਦੇ ਤਾਂ ਸ਼ਾਇਦ ਇਹ ਦਿਨ ਨਾ ਵੇਖਿਆ ਹੁੰਦਾ।