ਲੁਧਿਆਣਾ: ਪੰਜਾਬ 'ਚ ਲਗਾਤਾਰ ਵਧ ਰਹੇ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਕਰਕੇ ਸੂਬਾ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਦੇ ਨਾਲ ਜਿਮਾਂ ਨੂੰ ਵੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਫੈਸਲੇ ਦਾ ਜਿੰਮ ਸੰਚਾਲਕ ਤੇ ਜਿਮਨਾਸਟਿਕ ਵਿਰੋਧ ਕਰ ਰਹੇ ਹਨ। ਉਹ ਸਰਕਾਰ ਵੱਲੋਂ ਸ਼ਰਾਬ ਦੇ ਠੇਕਿਆਂ ਨੂੰ ਦਿੱਤੀ ਛੋਟ 'ਤੇ ਰੋਸ ਪ੍ਰਗਟਾ ਰਹੇ ਹਨ। ਉਨ੍ਹਾਂ ਨੇ ਇੱਥੋਂ ਤਕ ਕਹਿ ਦਿੱਤਾ ਕਿ ਸਰਕਾਰ ਨੂੰ ਉਨ੍ਹਾਂ ਨੂੰ ਸ਼ਰਾਬ ਠੇਕਿਆਂ ਦਾ ਲਾਇਸੈਂਸ ਦੇ ਦੇਣੇ ਚਾਹੀਦੇ ਹਨ, ਕਿਉਂਕਿ ਸਰਕਾਰ ਨੂੰ ਲੱਗਦਾ ਹੈ ਕਿ ਅਜਿਹੇ ਕੰਮਾਂ ਨਾਲ ਕੋਰੋਨਾ ਵਧਣ ਦਾ ਖ਼ਤਰਾ ਨਹੀਂ।


 


ਪੰਜਾਬ ਅਮੈਚਿਓਰ ਬਾਡੀ ਬਿਲਡਰਜ਼ ਫੈਡਰੇਸ਼ਨ ਦੇ ਪ੍ਰਧਾਨ ਜੌਲੀ ਸਿੰਘ ਨੇ ਕਿਹਾ ਕਿ ਸਰਕਾਰ ਨੇ ਜਿੰਮਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ, ਜਦਕਿ ਉਹ ਪਹਿਲਾਂ ਹੀ ਕਰੀਬ ਸੱਤ ਮਹੀਨੇ ਬੰਦ ਰਹਿਣ ਤੋਂ ਬਾਅਦ ਕਿਸੇ ਤਰ੍ਹਾਂ ਮੁੜ ਪਟੜੀ 'ਤੇ ਪਰਤਣ ਦੀ ਕੋਸ਼ਿਸ਼ ਕਰ ਰਹੇ ਸਨ। ਜਦਕਿ ਦੂਜੇ ਪਾਸੇ ਸਰਕਾਰ ਨੇ ਸ਼ਰਾਬ ਦੇ ਠੇਕਿਆਂ ਨੂੰ ਛੋਟ ਦੇ ਰੱਖੀ ਹੈ। ਉਨ੍ਹਾਂ ਨੇ ਕਿਹਾ ਕਿ ਜਿੰਮ ਲਗਾਉਣ ਨਾਲ ਸਿਹਤ ਬਣਦੀ ਹੈ, ਜਦਕਿ ਸ਼ਰਾਬ ਨਾਲ ਸਿਹਤ ਦਾ ਨੁਕਸਾਨ ਹੁੰਦਾ ਹੈ। ਸਰਕਾਰ ਨੂੰ ਚਾਹੀਦਾ ਸੀ ਕਿ ਕੁਝ ਪਾਬੰਦੀਆਂ ਲਾ ਕੇ ਜਿੰਮ ਚਲਾਉਣ ਦੀ ਇਜਾਜ਼ਤ ਦੇ ਦਿੰਦੀ, ਪਰ ਸਰਕਾਰ ਨੇ ਅਜਿਹਾ ਨਹੀਂ ਕੀਤਾ।


 


ਅਜਿਹੇ 'ਚ ਸਰਕਾਰ ਉਨ੍ਹਾਂ ਨੂੰ ਠੇਕੇ ਚਲਾਉਣ ਦਾ ਲਾਇਸੈਂਸ ਦੇ ਦੇਵੇ ਜਾਂ ਫਿਰ ਬੱਸਾਂ ਦਾ ਪਰਮਿਟ ਦੇਵੇ, ਕਿਉਂਕਿ ਉਨ੍ਹਾਂ ਕੋਲ ਕੋਈ ਹੋਰ ਚਾਰਾ ਨਹੀਂ ਬਚਿਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਜਿੰਮ ਹਨ ਤੇ ਇਨ੍ਹਾਂ ਨਾਲ ਕਈ ਹਜ਼ਾਰ ਲੋਕ ਸਿੱਧੇ-ਅਸਿੱਧੇ ਤਰੀਕੇ ਨਾਲ ਜੁੜੇ ਹੋਏ ਹਨ। ਅਜਿਹੇ ਵਿਚ ਉਹ ਆਪਣੇ ਖਰਚੇ ਕਿਵੇਂ ਚਲਾਉਣਗੇ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਆਉਂਦੇ ਦਿਨਾਂ 'ਚ ਉਨ੍ਹਾਂ ਦਾ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਤੇ ਪ੍ਰਸ਼ਾਸਨ ਨੂੰ ਮੈਮੋਰੰਡਮ ਵੀ ਸੌਂਪੇ ਜਾਣਗੇ।


 


ਇਸੇ ਤਰ੍ਹਾਂ ਜਿਮਨਾਸਟਿਕ ਅਮਨ ਸਿੰਘ ਨੇ ਦੱਸਿਆ ਕਿ ਉਹ ਕੌਮੀ ਪੱਧਰ ਦੀ ਪ੍ਰਤੀਯੋਗਤਾ ਲਈ ਤਿਆਰੀ ਕਰ ਰਹੇ ਸਨ ਅਤੇ ਸੂਬਾ ਪੱਧਰ ਦੇ ਮੁਕਾਬਲੇ ਵਿੱਚ ਬਰੌਂਜ਼ ਮੈਡਲ ਜਿੱਤ ਚੁੱਕੇ ਹਨ। ਹੁਣ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਕੀਤਾ ਜਾਵੇ? ਉਨ੍ਹਾਂ ਦਾ ਖ਼ੁਦ ਦਾ ਵੀ ਜਿੰਮ ਹੈ ਤੇ ਖਰਚੇ ਚਲਾਉਣੇ ਬਹੁਤ ਔਖੇ ਹੋ ਚੁੱਕੇ ਹਨ।  ਉਨ੍ਹਾਂ ਦੱਸਿਆ ਕਿ ਜਿੰਮ ਲਗਾਉਣ ਲਈ ਉਨ੍ਹਾਂ ਨੂੰ ਆਪਣੀ ਪੂਰੀ ਡਾਈਟ ਮੇਨਟੇਨ ਕਰਨੀ ਪੈਂਦੀ ਹੈ। ਜਿਸ 'ਚ ਚਿਕਨ, ਦੁੱਧ, ਆਂਡੇ ਆਦਿ ਸ਼ਾਮਲ ਹਨ ਤੇ ਰੋਜ਼ ਕਰੀਬ 1000 ਰੁਪਏ ਦਾ ਖਰਚਾ ਇੱਕ ਬਾਡੀ ਬਿਲਡਰ 'ਤੇ ਆਉਂਦਾ ਹੈ।


 


ਜਿੰਮ ਕਾਰੋਬਾਰ ਨਾਲ ਜੁੜੇ ਰਜਿੰਦਰ ਸ਼ਰਮਾ ਨੇ ਫਿੱਟਨੈੱਸ ਦੀ ਲੋੜ ਉਪਰ ਜ਼ੋਰ ਦਿੰਦਿਆਂ ਕਿਹਾ ਕਿ ਰੋਜ਼ਾਨਾ ਜਿੰਮ ਲਗਾਉਣ ਵਾਲੇ ਲੜਕੇ ਆਪਣੀ ਫਿੱਟਨੈੱਸ 'ਤੇ ਪੂਰਾ ਧਿਆਨ ਰੱਖਦੇ ਹਨ ਅਤੇ ਮੌਜੂਦਾ ਸਮੇਂ ਵਿੱਚ ਫਿਟਨੈਸ ਅਹਿਮ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਪੀੜਤ ਲੋਕਾਂ ਨੂੰ ਸਾਹ ਸਬੰਧੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦਕਿ ਜਿੰਮ ਲਾਉਣ ਨਾਲ ਫਿੱਟਨੈੱਸ ਰਹਿੰਦੀ ਹੈ ਅਤੇ ਸਾਹ ਸਬੰਧੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਂਦੀ।