ਮੁੰਬਈ: ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਹੇ ਮੁੰਬਈ ਸ਼ਹਿਰ ਵਿੱਚ ਹੁਣ ਧਾਰਾ-144 ਲਾਗੂ ਕਰ ਦਿੱਤੀ ਗਈ ਹੈ। ਇਹ ਫੈਸਲਾ ਸ਼ਹਿਰ ਵਿੱਚ ਵਧ ਰਹੇ ਕੋਰੋਨਾ ਵਾਇਰਸ ਮਾਮਲਿਆਂ ਨੂੰ ਵੇਖਦੇ ਹੋਏ ਲਿਆ ਗਿਆ ਹੈ। ਧਾਰਾ 144 ਜਨਤਕ ਥਾਵਾਂ ਦੇ ਨਾਲ-ਨਾਲ ਧਾਰਮਿਕ ਸਥਾਨਾਂ 'ਤੇ ਵੀ ਲਾਗੂ ਹੋਵੇਗੀ। ਮੁੰਬਈ ਦੇ ਡਿਪਟੀ ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਧਾਰਾ-144 ਮੁੰਬਈ ਵਿੱਚ 15 ਜੁਲਾਈ ਤੱਕ ਲਾਗੂ ਰਹੇਗੀ।

ਬ੍ਰਹਿਮੰਬਾਈ ਮਿਊਸਪਲ ਕਾਰਪੋਰੇਸ਼ਨ (ਬੀਐਮਸੀ) ਅਨੁਸਾਰ, ਵਿੱਤੀ ਰਾਜਧਾਨੀ ਮੁੰਬਈ ਵਿੱਚ ਮੰਗਲਵਾਰ ਨੂੰ ਕੁੱਲ 903 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਤੇ 36 ਲੋਕਾਂ ਦੀ ਮੌਤ ਹੋ ਗਈ। ਮੁੰਬਈ ਵਿੱਚ ਹੁਣ ਤੱਕ ਕੇਸਾਂ ਦੀ ਕੁਲ ਗਿਣਤੀ 77,197 ਹੋ ਗਈ ਹੈ।

ਇਸ ਦੇ ਨਾਲ ਹੀ ਮਹਾਰਾਸ਼ਟਰ ਵਿੱਚ ਸੰਕਰਮਿਤ ਮਰੀਜ਼ਾਂ ਦੀ ਕੁੱਲ੍ਹ ਗਿਣਤੀ 1 ਲੱਖ 74 ਹਜ਼ਾਰ 761 ਹੋ ਗਈ ਹੈ। ਮਹਾਰਾਸ਼ਟਰ ਦੇਸ਼ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਾਜ ਹੈ। ਇੱਥੇ ਮਹਾਰਾਸ਼ਟਰ ਸਰਕਾਰ ਨੇ ਪਹਿਲਾਂ ਹੀ ਸਾਵਧਾਨੀ ਵਜੋਂ ਲੌਕਡਾਊਨ ਨੂੰ 31 ਜੁਲਾਈ ਤੱਕ ਵਧਾ ਦਿੱਤਾ ਸੀ।