ਨਵੀਂ ਦਿੱਲੀ: ਨੋਟਬੰਦੀ ਤੋਂ ਬਾਅਦ ਕੈਸ਼ ਲਈ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਲੋਕਾਂ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਨੂੰ ਘੱਟ ਕਰਨ 'ਚ ਮਦਦ ਲਈ ਓਲਾ ਸਾਹਮਣੇ ਆਈ ਹੈ। ਹੁਣ ਤੁਸੀਂ ਆਪਣਾ ਡੈਬਿਟ ਕਾਰਡ ਸਵੈਪ ਕਰ ਓਲਾ ਤੋਂ ਕੈਸ਼ ਲੈ ਸਕਦੇ ਹੋ। ਇਸ ਤੋਂ ਪਹਿਲਾਂ ਬਿੱਗ ਬਜਾਰ, ਦੇਸ਼ ਦੇ ਕਈ ਪੈਟਰੋਲ ਪੰਪਾਂ ਤੇਂ ਕਈ ਵੱਡੇ ਸਟੋਰ ਜਿੰਨਾਂ 'ਤੇ ਸਵੈਪ ਮਸ਼ੀਨ ਲੱਗੀ ਹੋਈ ਹੋਵੇ ਤੋਂ ਵੀ ਕਾਰਡ ਸਵੈਪ ਕਰ 2000 ਰੁਪਏ ਕੈਸ਼ ਲੈਣ ਦੀ ਸਹੂਲਤ ਦਿੱਤੀ ਗਈ ਹੈ।
ਓਲਾ ਹੁਣ ਇਸ ਸਰਵਿਸ ਮੁਤਾਬਕ ਆਪਣੀਆਂ ਕੁੱਝ ਚੁਣਿੰਦਾ ਕੈਬ 'ਚ ਲੋਕਾਂ ਨੂੰ ਡੈਬਿਟ ਕਾਰਡ ਦੀ ਮਦਦ ਨਾਲ ਇਹ ਸੇਵਾ ਦੇਵੇਗੀ। ਕਿਹੜੀ ਕੈਬ ਤੋਂ ਪੈਸੇ ਕਢਵਾਏ ਜਾ ਸਕਦੇ ਹਨ, ਇਸ ਦੀ ਜਾਣਕਾਰੀ ਐਪ ਤੋਂ ਹੀ ਮਿਲ ਜਾਏਗੀ। ਐਪ ਦੀ ਮਦਦ ਨਾਲ ਇਸ ਦੀ ਜਾਣਕਾਰੀ ਲੈ ਕੇ ਲੋਕ ਡੈਬਿਟ ਕਾਰਡ ਸਵੈਪ ਕਰਵਾ ਕੇ ਉਨ੍ਹਾਂ ਕੈਬ ਤੋਂ ਕੈਸ਼ ਲੈ ਸਕਣਗੇ। ਇਸ ਦੇ ਲਈ ਕੈਬ ਕੰਪਨੀ ਭਾਰਤੀ ਸਟੇਟ ਬੈੰਕ ਅਤੇ ਪੰਜਾਬ ਨੈਸ਼ਨਲ ਬੈਂਕ ਨਾਲ ਸਾਂਝੇਦਾਰੀ ਕਰ ਰਹੀ ਹੈ।
ਜਿਕਰਯੋਗ ਹੈ ਕਿ ਨੋਟਬੰਦੀ ਤੋਂ ਬਾਅਦ ਦੇਸ਼ 'ਚ ਪੁਰਾਣੇ 500 ਤੇ 1000 ਦੇ ਨੋਟ ਬੰਦ ਹੋ ਗਏ ਹਨ। ਅਜਿਹੇ 'ਚ ਲੋਕ ਨਵੇਂ ਨੋਟਾਂ ਲਈ ਇਧਰ ਓਧਰ ਭਟਕ ਰਹੇ ਹਨ। ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਜਿਆਦਾਤਰ ਏਟੀਐਮ ਖਾਲੀ ਹਨ। ਅਜਿਹੇ 'ਚ ਲੋਕ ਆਪਣੀਆਂ ਰੋਜ਼ਾਨਾ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਬੇਹੱਦ ਪ੍ਰੇਸ਼ਾਨ ਹਨ।