ਨਵੀਂ ਦਿੱਲੀ: ਪਿਛਲੇ ਕਰੀਬ 27 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਕੇਂਦਰ ਸਰਕਾਰ ਵਿਰੁੱਧ ਖੇਤੀ ਕਾਨੂੰਨਾਂ ਦੇ ਰੋਸ ਵਜੋਂ ਮੋਰਚਾ ਖੋਲੀ ਬੈਠੇ ਹਨ। ਅੱਤ ਦੀ ਠੰਡ ਦੇ ਬਾਵਜੂਦ ਕਿਸਾਨ ਆਪਣੇ ਇਰਾਦੇ ਪ੍ਰਤੀ ਦ੍ਰਿੜ ਹਨ। ਅਜਿਹੇ 'ਚ ਕਿਸਾਨ ਲੀਡਰਾਂ ਨੇ ਮੰਗਲਵਾਰ ਪ੍ਰੈਸ ਕਾਨਫਰੰਸ ਕਰਦਿਆਂ ਸਪਸ਼ਟ ਕਰ ਦਿੱਤਾ ਕਿ ਕਿਸਾਨ ਕਾਨੂੰਨ ਰੱਦ ਕਰਵਾਏ ਬਿਨਾਂ ਘਰ ਵਾਪਸ ਨਹੀਂ ਜਾਣਗੇ।


ਕਿਸਾਨ ਇਸ ਅੰਦੋਲਨ ਨੂੰ ਹਰ ਪੱਖ ਤੋਂ ਸਵੈ ਨਿਰਭਰ ਬਣਾ ਰਹੇ ਹਨ। ਸਮੇਂ ਦੇ ਹਾਣ ਦਾ ਹੋਕੇ ਉਹ ਸਰਕਾਰ ਖਿਲਾਫ ਲੜਾਈ ਲੜ ਰਹੇ ਹਨ। ਇਸ ਲਈ ਸਿੰਘੂ ਬਾਰਡਰ 'ਤੇ ਕਿਸਾਨ ਏਕਤਾ ਮੋਰਚਾ ਨਾਂਅ ਤੋਂ IT ਸੈਲ ਬਣਾਇਆ ਗਿਆ ਹੈ। 24 ਦਸੰਬਰ ਨੂੰ ਦੁਪਹਿਰ 12 ਵਜੇ ਪੰਜ ਕਿਸਾਨ ਵੈਬੀਨਾਰ 'ਤੇ ਹਰ ਸਵਾਲ ਦਾ ਜਵਾਬ ਦੇਣਗੇ।


ਇਸ ਸਮੇਂ ਕੋਈ ਵੀ ਸਵਾਲ ਪੁੱਛ ਸਕਦਾ ਹੈ। ਇੱਥੋਂ ਤਕ ਕਿ ਕੰਗਣਾ ਰਣੌਤ ਤੇ ਮੁਕੇਸ਼ ਖੰਨਾ ਸਮੇਤ ਉਨ੍ਹਾਂ ਸਾਰੇ ਬਾਲੀਵੁੱਡ ਸਿਤਾਰਿਆਂ ਨੂੰ ਸਵਾਲ ਪੁੱਛਣ ਲਈ ਨਿਓਤਾ ਦਿੱਤਾ ਗਿਆ। ਜ਼ੂਮ ਲਿੰਕ ਤੋਂ 10 ਹਜ਼ਾਰ ਲੋਕ ਕਿਸਾਨ IT ਸੈਲ ਨਾਲ ਜੁੜ ਸਕਦੇ ਹਨ। ਬੁੱਧਵਾਰ ਜ਼ੂਮ ਲਿੰਕ ਜਾਰੀ ਕੀਤਾ ਜਾਵੇਗਾ।


ਕਿਸਾਨਾਂ ਨੂੰ ਅੰਦੋਲਨ 'ਤੇ ਡਟਿਆਂ ਇਕ ਮਹੀਨਾ ਬੀਤਣ ਵਾਲਾ ਹੈ। ਅਜਿਹੇ 'ਚ ਕਈਆਂ ਦੇ ਮਨ 'ਚ ਸੰਸੇ ਹਨ ਕਿ ਸ਼ਾਇਦ ਹੁਣ ਕਿਸਾਨ ਅੰਦੋਲਨ ਲੰਮਾ ਸਮਾਂ ਟਿਕ ਨਹੀਂ ਸਕੇਗਾ ਪਰ ਕਿਸਾਨ ਲੀਡਰਾਂ ਨੇ ਇਕ ਵਾਰ ਫਿਰ ਆਪਣੇ ਬੁਲੰਦ ਹੌਸਲੇ ਤੇ ਦ੍ਰਿੜ ਇਰਾਦੇ ਤੋਂ ਸਭ ਨੂੰ ਜਾਣੂ ਕਰਵਾ ਦਿੱਤਾ ਹੈ।


ਉਨ੍ਹਾਂ ਕੇਂਦਰ ਦੀਆਂ ਨੀਤੀਆਂ ਤੋਂ ਜਾਣੂ ਕਰਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਅੰਦੋਲਨ ਖਿਲਾਫ ਪ੍ਰਾਪੇਗੰਢਾ ਕਰ ਰਹੀ ਹੈ ਤੇ ਇਸਦਾ ਜਵਾਬ ਬਾਖੂਬੀ ਦਿੱਤਾ ਹੈ। ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਪੈਂਤੜਾ ਉਨ੍ਹਾਂ 'ਤੇ ਹੀ ਅਜਮਾਉਂਦਿਆਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ 27 ਤਾਰੀਖ ਨੂੰ 'ਮਨ ਕੀ ਬਾਤ' ਕਰਨਗੇ ਤਾਂ ਉਸ ਵੇਲੇ ਕਿਸਾਨਾਂ ਵੱਲੋਂ ਥਾਲੀਆਂ ਵਜਾਉਣ ਦੀ ਅਪੀਲ ਕੀਤੀ ਗਈ ਹੈ।


ਕਿਸਾਨਾਂ ਨੇ ਸਰਕਾਰ ਤਕ ਆਪਣੀ ਆਵਾਜ਼ ਪਹੁੰਚਾ ਦਿੱਤੀ ਕਿ ਸਰਕਾਰ ਕਹਿੰਦੀ ਹੈ ਕਿ ਇਹ ਪੰਜਾਬ ਤੇ ਹਰਿਆਣਾ ਦਾ ਅੰਦੋਲਨ ਹੈ ਪਰ ਦੇਸ਼-ਵਿਦੇਸ਼ 'ਚ ਕਿਸਾਨ ਅੰਦੋਲਨ ਫੈਲ ਚੁੱਕਾ ਹੈ।


ਕਿਸਾਨ ਅੰਦੋਲਨ ਦਾ 27ਵਾਂ ਦਿਨ, ਅੱਜ ਕਿਸਾਨ ਜਥੇਬੰਦੀਆਂ ਲੈਣਗੀਆਂ ਵੱਡਾ ਫੈਸਲਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ