ਨਵੀਂ ਦਿੱਲੀ: ਰੇਲਵੇ ਮੰਤਰੀ ਪਿਯੂਸ਼ ਗੋਇਲ ਨੇ ਮੰਗਲਵਾਰ ਨੂੰ ਜ਼ੋਰ ਦਿੰਦਿਆਂ ਹੋਏ ਕਿਹਾ ਕਿ ਭਾਰਤੀ ਰੇਲਵੇ ਦਾ ਕਦੇ ਵੀ ਨਿੱਜੀਕਰਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਈ ਨਹੀਂ ਕਹਿੰਦਾ ਕਿ ਸੜਕ ‘ਤੇ ਸਿਰਫ ਸਰਕਾਰੀ ਵਾਹਨ ਚੱਲਣਗੇ ਕਿਉਂਕਿ ਨਿੱਜੀ ਤੇ ਸਰਕਾਰੀ ਦੋਵੇਂ ਵਾਹਨ ਆਰਥਿਕ ਤੌਰ ‘ਤੇ ਮਹੱਤਵਪੂਰਨ ਹਨ। ਨਿੱਜੀ ਨਿਵੇਸ਼ ਨੂੰ ਰੇਲਵੇ ਦੇ ਕੰਮਕਾਜ ਨੂੰ ਸੁਚਾਰੂ ਬਣਾਉਣ ਲਈ ਉਤਸ਼ਾਹਤ ਕੀਤਾ ਜਾਵੇਗਾ।


ਰੇਲਵੇ ਲਈ ਗ੍ਰਾਂਟਾਂ ਦੀ ਮੰਗ ਬਾਰੇ ਲੋਕ ਸਭਾ ਵਿੱਚ ਬਹਿਸ ਦਾ ਜਵਾਬ ਦਿੰਦਿਆਂ ਗੋਇਲ ਨੇ ਕਿਹਾ ਕਿ ਸਾਡੇ ‘ਤੇ ਰੇਲਵੇ ਦਾ ਨਿੱਜੀਕਰਨ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ। ਦੇਸ਼ ਦੀ ਤਰੱਕੀ ਤਾਂ ਹੀ ਹੋਵੇਗੀ ਜਦੋਂ ਸਰਕਾਰ ਤੇ ਨਿੱਜੀ ਖੇਤਰ ਮਿਲ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਦਾ ਕਦੇ ਨਿੱਜੀਕਰਨ ਨਹੀਂ ਕੀਤਾ ਜਾਵੇਗਾ। ਇਹ ਹਰ ਭਾਰਤੀ ਦੀ ਜਾਇਦਾਦ ਹੈ ਤੇ ਰਹੇਗੀ।



ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਸਰਕਾਰ ਦੇ ਹੱਥ ਵਿੱਚ ਰਹੇਗੀ। ਰੇਲ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਰੇਲ ਹਾਦਸੇ ਵਿੱਚ ਕਿਸੇ ਯਾਤਰੀ ਦੀ ਮੌਤ ਨਹੀਂ ਹੋਈ। ਰੇਲਵੇ ਯਾਤਰੀਆਂ ਦੀ ਸੁਰੱਖਿਆ ਵੱਲ ਬਹੁਤ ਧਿਆਨ ਦੇ ਰਿਹਾ ਹੈ। ਉਨ੍ਹਾਂ ਅੱਗੇ ਕਿਹਾ, “ਜਦੋਂ ਸਰਕਾਰ ਤੇ ਪ੍ਰਾਈਵੇਟ ਸੈਕਟਰ ਮਿਲ ਕੇ ਕੰਮ ਕਰਨਗੇ ਤਾਂ ਅਸੀਂ ਦੇਸ਼ ਲਈ ਸੁਨਹਿਰੇ ਭਵਿੱਖ ਦੀ ਸਿਰਜਣਾ ਕਰ ਸਕਾਂਗੇ। ਇਹ ਭਾਰਤੀ ਰੇਲਵੇ ਦੇ ਇਤਿਹਾਸ ਵਿੱਚ ਸਭ ਤੋਂ ਉੱਚਾ ਹੈ।”


ਗੋਇਲ ਨੇ ਕਿਹਾ ਕਿ ਕੀ ਯਾਤਰੀਆਂ ਨੂੰ ਚੰਗੀਆਂ ਸਹੂਲਤਾਂ ਨਹੀਂ ਮਿਲਣੀਆਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਮਾਲ ਭਾੜੇ ਦੀਆਂ ਰੇਲ ਗੱਡੀਆਂ ਚਲਾਉਣੀਆਂ ਚਾਹੀਦੀਆਂ ਹਨ ਤੇ ਜੇ ਪ੍ਰਾਈਵੇਟ ਸੈਕਟਰ ਇਸ ਲਈ ਨਿਵੇਸ਼ ਕਰਦਾ ਹੈ ਤਾਂ ਕੀ ਇਸ ਨੂੰ ਵਿਚਾਰਿਆ ਨਹੀਂ ਜਾਣਾ ਚਾਹੀਦਾ।


ਅਹਿਮ ਗੱਲ ਇਹ ਹੈ ਕਿ ਸੋਮਵਾਰ ਨੂੰ ਹੋਈ ਗੱਲਬਾਤ ਦੌਰਾਨ ਕਾਂਗਰਸ ਦੇ ਜਸਬੀਰ ਸਿੰਘ ਗਿੱਲ, ਆਈਯੂਐਮਐਲ ਦੇ ਈਟੀ ਮੁਹੰਮਦ ਬਸ਼ੀਰ ਸਣੇ ਕੁਝ ਹੋਰ ਮੈਂਬਰਾਂ ਨੇ ਰੇਲਵੇ ਦੇ ਨਿੱਜੀਕਰਨ ਦੀ ਕੋਸ਼ਿਸ਼ ਸਬੰਧੀ ਟਿੱਪਣੀਆਂ ਕੀਤੀਆਂ ਸੀ।


ਇਹ ਵੀ ਪੜ੍ਹੋ: Gold and Silver Price: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ, ਜਾਣੋ ਅੱਜ ਕਿੰਨਾ ਡਿੱਗਿਆ ਭਾਅ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904