ਨਵੀਂ ਦਿੱਲੀ: ਬੀਤੇ ਸਨਿੱਚਰਵਾਰ ਸਿੰਘੂ ਬਾਰਡਰ ਤੋਂ ਗ੍ਰਿਫ਼ਤਾਰ ਕੀਤੇ ਗਏ ਪੱਤਰਕਾਰ ਮਨਦੀਪ ਪੂਨੀਆ ਦਿੱਲੀ ਦੀ ਰੋਹਿਣੀ ਅਦਾਲਤ ਤੋਂ ਜ਼ਮਾਨਤ ਮਿਲਣ ਪਿੱਛੋਂ ਦੇਰ ਰਾਤ ਰਿਹਾਅ ਹੋ ਗਏ। ਉਨ੍ਹਾਂ ਕਿਹਾ ਹੈ ਕਿ ਉਹ ਪੱਤਰਕਾਰੀ ਪ੍ਰਤੀ ਆਪਣਾ ਫ਼ਰਜ਼ ਨਿਭਾਉਣਾ ਪਹਿਲਾਂ ਵਾਂਗ ਹੀ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਉਹ ਦਿੱਲੀ ਦੀਆਂ ਸੀਮਾਵਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਕਵਰ ਕਰ ਰਹੇ ਹਨ।


ਮਨਦੀਪ ਪੂਨੀਆ ਉੱਤੇ ਸਰਕਾਰੀ ਮੁਲਾਜ਼ਮਾਂ ਦੇ ਕੰਮ ਵਿੱਚ ਅੜਿੱਕਾ ਡਾਹੁਣ, ਸਰਕਾਰੀ ਕਰਮਚਾਰੀ ਉੱਤੇ ਹਮਲਾ ਕਰਨ ਦੇ ਦੋਸ਼ ਲਾਏ ਗਏ ਸਨ। ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਨੂੰ ਖਿੱਚ ਕੇ ਲਿਜਾਂਦਿਆਂ ਦੀ ਵੀਡੀਓ ਵਾਇਰਲ ਹੋਈ ਸੀ।

ਇਹ ਵੀ ਪੜ੍ਹੋਕਿਸਾਨ ਅੰਦੋਲਨ 'ਤੇ ਟਵੀਟ ਮਗਰੋਂ ਰਿਹਾਨਾ ਦੇ ਫੌਲੋਅਰਸ 101 ਮਿਲਿਅਨ ਤੋਂ ਪਾਰ

ਮੈਟਰੋਪਾਲਿਟਨ ਮੈਜਿਸਟ੍ਰੇਟ ਨੇ ਐਤਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਮਨਦੀਪ ਪੂਨੀਆ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਬੀਬੀਸੀ ਦੀ ਰਿਪੋਰਟ ਮੁਤਾਬਕ ਹੁਣ ਜੇਲ੍ਹ ਤੋਂ ਬਾਹਰ ਆ ਕੇ ਮਨਦੀਪ ਨੇ ਕਿਹਾ ਹੈ ਕਿ ਜਦੋਂ ਸਰਕਾਰ ਲੋਕਾਂ ਤੋਂ ਕੁਝ ਲੁਕਾਉਣਾ ਚਾਹ ਰਹੀ ਹੋਵੇ, ਤਦ ਪੱਤਰਕਾਰੀ ਕਰਨੀ ਔਖੀ ਹੋ ਜਾਂਦੀ ਹੈ।

ਮਨਦੀਪ ਨੇ ਆਪਣੇ ਪੈਰ ਉੱਤੇ ਲਿਖੇ ਨੋਟਸ ਵਿਖਾਉਂਦਿਆਂ ਕਿਹਾ ਕਿ ਇਹ ਜੇਲ੍ਹ ’ਚ ਬੰਦ ਕਿਸਾਨ ਪ੍ਰਦਰਸ਼ਨਕਾਰੀਆਂ ਦੇ ਨੋਟਸ ਹਨ; ਜਿਨ੍ਹਾਂ ਨੂੰ ਉਹ ਆਪਣੇ ਰਿਪੋਰਟ ਵਿੱਚ ਲਿਖਣਗੇ। ਉਨ੍ਹਾਂ ਕਿਹਾ ਕਿ ਪੁਲਿਸ ਨੇ ਉਨ੍ਹਾਂ ਨਾਲ ਜੋ ਵੀ ਕੀਤਾ ਹੈ, ਉਸ ਨਾਲ ਉਨ੍ਹਾਂ ਦਾ ਕੀਮਤੀ ਸਮਾਂ ਬਰਬਾਦ ਹੋਇਆ ਹੈ।

ਚੀਫ਼ ਮੈਟਰੋਪਾਲਿਟਨ ਮੈਜਿਸਟ੍ਰੇਟ ਸਤਬੀਰ ਸਿੰਘ ਲਾਂਬਾ ਨੇ ਮਨਦੀਪ ਪੂਨੀਆ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰਦਿਆਂ ਕਿਹਾ ਕਿ ਹੱਥੋਪਾਈ ਦੀ ਘਟਨਾ ਸ਼ਾਮੀਂ ਸਾਢੇ 6 ਵਜੇ ਵਾਪਰੀ ਸੀ; ਜਦ ਕਿ ਐੱਫ਼ਆਈਆਰ ਅਗਲੇ ਦਿਨ 1:20 ਵਜੇ ਦਾਇਰ ਹੋਈ ਸੀ। ਸ਼ਿਕਾਇਤਕਰਤਾ, ਪੀੜਤ ਤੇ ਗਵਾਹ ਸਭ ਪੁਲਿਸ ਮੁਲਾਜ਼ਮ ਹਨ; ਇਸ ਹਾਲਤ ਵਿੱਚ ਇੱਕ ਪੱਤਰਕਾਰ ਕਿਸੇ ਗਵਾਹ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ।

ਇਹ ਵੀ ਪੜ੍ਹੋਉਰਮਿਲਾ ਮਾਤੋਂਡਕਰ ਨੇ ਸਿੱਖ ਨੌਜਵਾਨ ਦਾ ਵੀਡੀਓ ਕੀਤਾ ਸ਼ੇਅਰ, ‘ਅੰਗਰੇਜ਼ਾਂ ਨਾਲ ਲੜੇ ਤਾਂ ਦੇਸ਼ ਭਗਤ, ਹੱਕ ਮੰਗਿਆ ਤਾਂ ਖ਼ਾਲਿਸਤਾਨੀ…’


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904