ਦੇਹਰਾਦੂਨ: ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਇੱਕ ਵਾਰ ਫਿਰ ਆਪਣੇ ਬਿਆਨ ਕਰਕੇ ਵਿਵਾਦਾਂ ’ਚ ਹਨ। ਇਸ ਵਾਰ ਉਨ੍ਹਾਂ ਨੇ ਕੁੰਭ ਤੇ ਕੋਰੋਨਾ ਬਾਰੇ ਬੇਤੁਕਾ ਬਿਆਨ ਦਿੱਤਾ ਹੈ। ਰਾਵਤ ਨੇ ਕਿਹਾ ਹੈ ਕਿ ਕੁੰਭ ’ਚ ਮਾਂ ਗੰਗਾ ਦੀ ਕਿਰਪਾ ਨਾਲ ਕੋਰੋਨਾ ਫੈਲਣ ਨਹੀਂ ਫੈਲੇਗਾ। ਨਾਲ ਹੀ ਇਹ ਵੀ ਕਿਹਾ ਕਿ ਕੁੰਭ ਤੇ ਮਰਕਜ ਦੀ ਤੁਲਨਾ ਕਰਨਾ ਗਲਤ ਹੈ। ਰਾਵਤ ਅਨੁਸਾਰ ਪਿਛਲੇ ਸਾਲ ਦਿੱਲੀ ਦੀ ਨਿਜ਼ਾਮੂਦੀਨ ਮਰਕਜ਼ ਤੋਂ ਕੋਰੋਨਾ ਬੰਦ ਕਮਰੇ ਤੋਂ ਫੈਲਿਆ, ਕਿਉਂਕਿ ਇੱਕ ਕਮਰੇ ’ਚ ਸਾਰੇ ਲੋਕ ਸਨ, ਜਦਕਿ ਹਰਿਦੁਆਰ ’ਚ ਕੁੰਭ ਖੇਤਰ ਨੀਲਕੰਠ ਤੇ ਦੇਵਪ੍ਰਯਾਗ ਤਕ ਖੁੱਲ੍ਹੇ ਮਾਹੌਲ ’ਚ ਹੋ ਰਿਹਾ ਹੈ।


ਕੁੰਭ ’ਚ ਇਕੱਠੇ ਹੋਏ ਲੱਖਾਂ ਲੋਕਾਂ ਦੀ ਭੀੜ ਤੇ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ’ਤੇ ਪੈਦਾ ਹੋਏ ਸਵਾਲਾਂ ਬਾਰੇ ਰਾਵਤ ਨੇ ਕਿਹਾ, “ਹਰਿਦੁਆਰ ’ਚ 16 ਤੋਂ ਵੱਧ ਘਾਟ ਹਨ। ਇਸ ਦੀ ਤੁਲਨਾ ਮਰਕਜ਼ ਨਾਲ ਨਹੀਂ ਕੀਤੀ ਜਾ ਸਕਦੀ।” ਦੱਸ ਦੇਈਏ ਕਿ ਬੁੱਧਵਾਰ ਨੂੰ ਕੁੰਭ ’ਚ ਤੀਜਾ ਸ਼ਾਹੀ ਇਸ਼ਨਾਨ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸ਼ਾਹੀ ਇਸ਼ਨਾਨ ਦੌਰਾਨ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ ਸੀ।


ਸੋਮਵਾਰ ਦੇ ਸ਼ਾਹੀ ਇਸ਼ਨਾਨ ’ਚ 35 ਲੱਖ ਤੋਂ ਵੱਧ ਲੋਕ ਸ਼ਾਮਲ ਹੋਏ। ਇਨ੍ਹਾਂ ’ਚੋਂ 18,169 ਲੋਕਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ’ਚੋਂ 102 ਸੰਕਰਮਿਤ ਪਾਏ ਗਏ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਉਨ੍ਹਾਂ ਸ਼ਰਧਾਲੂਆਂ ਨੂੰ ਹੀ ਐਂਟਰੀ ਦਿੱਤੀ ਜਾ ਰਹੀ ਹੈ, ਜਿਨ੍ਹਾਂ ਕੋਲ ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ ਹੈ ਪਰ ਜ਼ਮੀਨੀ ਹਕੀਕਤ ਵੱਖਰੀ ਹੈ। ਕੇਂਦਰ ਸਰਕਾਰ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਕੁੰਭ ਕੋਰੋਨਾ ਦਾ ਸੁਪਰ ਸਪ੍ਰੈਡਰ ਬਣ ਸਕਦਾ ਹੈ। ਸੂਬੇ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ।


ਸ਼ਿਵ ਸੈਨਾ, ਐਨਸੀਪੀ ਤੇ ਕਾਂਗਰਸ ਨੇ ਸਵਾਲ ਚੁੱਕੇ


ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਨੇ ਕਿਹਾ ਹੈ ਕਿ ਕੁੰਭ ਤੋਂ ਵਾਪਸ ਆਉਣ ਵਾਲੇ ਲੋਕ ਕੋਰੋਨਾ ਦੇ ਸਪ੍ਰੈਡਰ ਬਣ ਸਕਦੇ ਹਨ। ਰਾਉਤ ਦਾ ਕਹਿਣਾ ਹੈ ਕਿ ਸ਼ਿਵ ਸੈਨਾ ਸਰਕਾਰ ਨੂੰ ਤਿਉਹਾਰਾਂ ’ਤੇ ਪਾਬੰਦੀ ਲਗਾਉਣ ਦਾ ਦੁੱਖ ਹੈ, ਪਰ ਲੋਕਾਂ ਦੀ ਜਾਨ ਬਚਾਉਣੀ ਜ਼ਰੂਰੀ ਹੈ। ਮਹਾਰਾਸ਼ਟਰ ਸਰਕਾਰ ’ਚ ਮੰਤਰੀ ਅਤੇ ਐਨਸੀਪੀ ਦੇ ਬੁਲਾਰੇ ਨਵਾਬ ਮਲਿਕ ਨੇ ਕਿਹਾ ਕਿ ਕੁੰਭ ਅਤੇ ਚੋਣ ਰੈਲੀਆਂ ਕਾਰਨ ਮਹਾਂਮਾਰੀ ਦੀ ਸਥਿਤੀ ਹੋਰ ਖ਼ਰਾਬ ਹੋ ਜਾਵੇਗੀ। ਕਾਂਗਰਸੀ ਆਗੂ ਅਤੇ ਮੰਤਰੀ ਅਸਲਮ ਸ਼ੇਖ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੂੰ ਹਰਿਦੁਆਰ ਤੋਂ ਵਾਪਸ ਆਉਣ ਵਾਲਿਆਂ ਲਈ ਦਿਸ਼ਾ-ਨਿਰਦੇਸ਼ ਤੈਅ ਕਰਨੇ ਪੈਣਗੇ।


ਤਬਲੀਗੀ ਜਮਾਤ 'ਤੇ ਨਿਸ਼ਾਨਾ, ਕੁੰਭ 'ਤੇ ਚੁੱਪੀ


ਕੁੰਭ ’ਚ ਇਕੱਠੀ ਹੋਈ ਭੀੜ ਦੀਆਂ ਸੈਂਕੜੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਲੋਕ ਪੁੱਛ ਰਹੇ ਹਨ ਕਿ ਪਿਛਲੇ ਸਾਲ 10 ਤੋਂ 12 ਮਾਰਚ ਤਕ ਸਰਕਾਰ ਅਤੇ ਲੋਕਾਂ ਨੇ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਵਿੱਚ ਇਕੱਤਰ ਜਮਾਤ ਨੂੰ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਨੂੰ ਸੁਪਰ ਸਪ੍ਰੈਡਰ ਕਿਹਾ ਗਿਆ ਸੀ। ਤਬਲੀਗ ਦੇ ਪ੍ਰੋਗਰਾਮ ’ਚ 2000 ਤੋਂ ਘੱਟ ਲੋਕ ਇਕੱਤਰ ਹੋਏ ਸਨ, ਜਦਕਿ ਕੁੰਭ ’ਚ ਲੱਖਾਂ ਲੋਕ ਇਕੱਠੇ ਹੋਏ ਹਨ। ਕੋਰੋਨਾ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਰ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਪਰ ਇਸ ਬਾਰੇ ਜ਼ਿਆਦਾ ਗੱਲ ਨਹੀਂ ਕੀਤੀ ਜਾ ਰਹੀ।


ਇਹ ਵੀ ਪੜ੍ਹੋ: ਕੈਪਟਨ ਵੱਲੋਂ ਅਸਤੀਫਾ ਰੱਦ ਕਰਨ ਮਗਰੋਂ ਆਈਜੀ Kunwar Vijay Partap Singh ਦਾ ਮੁੜ ਧਮਾਕਾ, ਪੋਸਟ ਸ਼ੇਅਰ ਕਰ ਕੀਤਾ ਵੱਡਾ ਦਾਅਵਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904