ਮਾਨਸਾ: ਮਾਨਸਾ ਜ਼ਿਲ੍ਹੇ ਵਿੱਚ ਮੀਂਹ ਦੇ ਪਾਣੀ ਕਾਰਨ ਦਰਜਨ ਦੇ ਕਰੀਬ ਪਿੰਡ ਹੜ੍ਹ ਵਰਗੇ ਹਾਲਾਤ ਤੋਂ ਜੂਝ ਰਹੇ ਹਨ। ਲਗਾਤਾਰ ਪਏ ਮੀਂਹ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ, ਜਿਸ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਫਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਨੇ ਹੜ੍ਹ ਨਾਲ ਨਜਿੱਠਣ ਲਈ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਸੀ, ਪਰ ਥੋੜ੍ਹੇ ਜਿਹੇ ਬਰਸਾਤੀ ਪਾਣੀ ਨੇ ਸਰਕਾਰੀ ਤੰਤਰ ਨੂੰ ਬੇਨਕਾਬ ਕਰ ਦਿੱਤਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਪਾਣੀ ਨੇ ਫਸਲ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ। ਡੀਜ਼ਲ ਦੇ ਮਹਿੰਗੇ ਰੇਟ ਤੇ ਤਾਲਾਬੰਦੀ ਕਾਰਨ ਮਜ਼ਦੂਰੀ ਦੇ ਦੁਗਣੇ ਰੇਟ ਦੇ ਕੇ ਲਾਏ ਝੋਨੇ ਤੇ ਨਰਮੇ ਦੀ ਫਸਲ 'ਚ ਚਾਰ ਫੁੱਟ ਪਾਣੀ ਖੜ੍ਹਾ ਹੈ, ਜਿਸ ਨਾਲ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ 'ਤੇ ਇਲਜ਼ਾਮ ਲੱਗਦਾ ਸੀ ਕਿ ਉਹ ਧਰਤੀ ਹੇਠਲੇ ਪਾਣੀ ਨੂੰ ਕੱਢ ਰਹੇ ਹਨ, ਪਰ ਹੁਣ ਮੀਂਹ ਕਾਰਨ ਪਾਣੀ ਬਰਬਾਦ ਹੋ ਰਿਹਾ ਹੈ। ਇਸ ਲਈ ਪੰਜਾਬ ਸਰਕਾਰ ਧਰਤੀ 'ਚ ਬੋਰ ਕਰਕੇ ਇਸ ਪਾਣੀ ਨੂੰ ਰੀਚਾਰਜ ਕਰੇ, ਜਿਸ ਕਾਰਨ ਧਰਤੀ ਹੇਠਲੇ ਪਾਣੀ ਦੁਬਾਰਾ ਉਪਰ ਆ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਵੀ ਕੀਤੀ।