ਚੰਡੀਗੜ੍ਹ: ਵਿਆਹ ਸਮਾਗਮਾਂ ਜਾਂ ਹੋਰ ਧਾਰਮਿਕ ਸਥਾਨਾਂ ਤੇ ਲਾਇਸੰਸੀ ਹਥਿਆਰ ਨਾਲ ਫਾਇਰਿੰਗ ਕੀਤੀ ਤਾਂ ਦੋ ਸਾਲ ਕੈਦ ਤੇ ਇਕ ਲੱਖ ਰੁਪਏ ਜੁਰਮਾਨਾ ਜਾਂ ਦੋਵੇਂ ਹੀ ਹੋ ਸਕਦੇ ਹਨ। ਪੰਜਾਬ ਪੁਲਿਸ ਵੱਲੋਂ 23 ਜੂਨ ਤੋਂ ਸੋਧ ਕੀਤੇ ਆਰਮਜ਼ ਐਕਟ 'ਚ ਇਸ ਦਾ ਪ੍ਰਾਵਧਾਨ ਹੈ।


ਸਰਕਾਰ ਨੇ ਹਥਿਆਰਾਂ ਦੇ ਲਾਇਸੰਸਾਂ ਬਾਰੇ ਨਿਯਮ ਬਦਲ ਦਿੱਤੇ ਹਨ। ਹੁਣ ਕੋਈ ਵੀ ਇੱਕ ਲਾਇਸੰਸ 'ਤੇ ਦੋ ਹੀ ਹਥਿਆਰ ਰੱਖ ਸਕਦਾ ਹੈ। ਇਨ੍ਹਾਂ ‘ਚ ਦੋ ਤੋਂ ਵੱਧ ਹਥਿਆਰ ਰੱਖਣ ਵਾਲੇ ਅਸਲਾ ਲਾਇਸੈਂਸ ਧਾਰਕਾਂ ਨੂੰ 13 ਦਸੰਬਰ ਤੱਕ ਜਮ੍ਹਾਂ ਆਪਣੇ ਵਾਧੂ ਹਥਿਆਰ ਨੇੜਲੇ ਥਾਣੇ ਜਾਂ ਅਸਲਾ ਡੀਲਰ ਕੋਲ ਜਮ੍ਹਾਂ ਕਰਵਾਉਣਾ ਲਾਜ਼ਮੀ ਕਰਾਰ ਕੀਤਾ ਗਿਆ ਹੈ।


ਆਰਮਡ ਫੋਰਸਜ਼ ਦੇ ਮੈਂਬਰ ਨੂੰ ਆਪਣੀ ਯੂਨਿਟ ਦੇ ਅਸਲਾਖਾਨੇ ’ਚ ਇੱਕ ਸਾਲ ਦੇ ਅੰਦਰ-ਅੰਦਰ ਹਥਿਆਰ ਜਮ੍ਹਾਂ ਕਰਵਾਉਣਾ ਪਵੇਗਾ। ਹੁਣ ਅਸਲਾ ਲਾਇਸੈਂਸ ਦੀ ਮਿਆਦ 5 ਸਾਲ ਹੋਵੇਗੀ ਜਦੋਂ ਕਿ ਪਹਿਲਾਂ 3 ਸਾਲ ਸੀ। ਨਵੀਆਂ ਸੋਧਾਂ ਮੁਤਾਬਕ ਜੇਕਰ ਕੋਈ ਵਿਅਕਤੀ ਜਨਤਕ ਇਕੱਠ, ਧਾਰਮਿਕ ਸਥਾਨ ਜਾਂ ਵਿਆਹ ਸਮਾਗਮ ਆਦਿ ਮੌਕੇ ਖੁਸ਼ੀ ’ਚ ਲਾਪ੍ਰਵਾਹੀ ਜਾਂ ਅਣਗਹਿਲੀ ਨਾਲ ਗੋਲੀ ਚਲਾਉਂਦਾ ਹੈ, ਤਾਂ ਉਸ ਨੂੰ ਘੱਟੋ-ਘੱਟ ਦੋ ਸਾਲ ਦੀ ਕੈਦ ਦੀ ਸਜ਼ਾ ਤੇ ਇੱਕ ਲੱਖ ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੀ ਹੈ।


ਪੁਲਿਸ ਜਾਂ ਫ਼ੌਜ ਦੇ ਮੁਲਾਜ਼ਮ ਦਾ ਹਥਿਆਰ ਖੋਹਣ ’ਤੇ ਹੁਣ 10 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। ਇੱਥੇ ਦੱਸਣਯੋਗ ਹੈ ਕਿ ਹਥਿਆਰ ਰੱਖਣ ਦੇ ਮਾਮਲੇ ’ਚ ਪੰਜਾਬ ਦੇਸ਼ ’ਚ ਦੂਜੇ ਨੰਬਰ ਅਤੇ ਉੱਤਰ ਪ੍ਰਦੇਸ਼ ਪਹਿਲੇ ਨੰਬਰ ’ਤੇ ਹੈ।


ਇਹ ਵੀ ਪੜ੍ਹੋ: