ਚੰਡੀਗੜ੍ਹ: ਪੰਜਾਬ 'ਚ ਹਰਿਆਲੀ ਅਧੀਨ ਖੇਤਰ ਨੂੰ ਅੱਗੇ ਹੋਰ ਵਧਾਉਣ ਲਈ ਸੋਸ਼ਲ ਫੋਰੈਸਟਰੀ ਦੀਆਂ ਮਹੱਤਵਪੂਰਣ ਸੰਭਾਵਨਾਵਾਂ ਦਾ ਜ਼ਿਕਰ ਕਰਦਿਆਂ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਜੰਗਲਾਤ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਦੱਸ ਦਈਏ ਕਿ ਧਰਮਸੋਧ ਨੇ ਵਿਭਾਗ ਨੂੰ ਕਿਹਾ ਕਿ ਇਸ ਕਾਰਜ ਨੂੰ ਖਾਸ ਕਰਕੇ ਆਗਾਮੀ ਮਾਨਸੂਨ ਸੀਜ਼ਨ ਦੌਰਾਨ, ਮਿਸ਼ਨ ਦੇ ਰੂਪ ਵਿੱਚ ਅਮਲ `ਚ ਲਿਆਂਦਾ ਜਾਵੇ।


ਵਿਭਾਗ ਦੇ ਕੰਮਾਂ ਅਤੇ ਪੰਜਾਬ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ਸਬੰਧੀ ਕਾਰਜ ਯੋਜਨਾ ਦੀ ਸਮੀਖਿਆ ਕਰਦਿਆਂ ਧਰਮਸੋਤ ਨੇ ਕਿਹਾ ਕਿ ਸਾਡੇ ਸਮੁੱਚੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਸਮਾਜਿਕ, ਆਰਥਿਕ ਅਤੇ ਵਾਤਾਵਰਣ ਸਬੰਧੀ ਸਮੱਸਿਆਵਾਂ ਨੂੰ ਸੰਤੁਲਿਤ ਕਰਨ ਦੇ ਨਾਲ ਨਾਲ ਆਪਸੀ ਤਾਲਮੇਲ ਨਾਲ ਕੰਮ ਕਰਨਾ ਹੋਵੇਗਾ।


ਇਸ ਗੱਲ ਦਾ ਜ਼ਿਕਰ ਕਰਦਿਆਂ ਕਿ ਪੰਜਾਬ ਮੁੱਖ ਤੌਰ `ਤੇ ਖੇਤੀਬਾੜੀ ਵਾਲਾ ਸੂਬਾ ਹੈ ਜਿਸਦਾ ਲਗ6.83 ਫੀਸਦੀ ਭੂਗੋਲਿਕ ਖੇਤਰ ਰੁੱਖਾਂ ਅਧੀਨ ਹੈ, ਮੰਤਰੀ ਨੇ ਕਿਹਾ ਕਿ ਸਰਕਾਰੀ ਜੰਗਲੀ ਜ਼ਮੀਨਾਂ `ਤੇ ਪੌਦੇ ਲਗਾਉਣ ਦੀ ਸੰਭਾਵਨਾ ਘੱਟ ਹੈ ਅਤੇ ਇਸ ਲਈ ਰੁੱਖਾਂ ਅਧੀਨ ਰਕਬੇ ਨੂੰ ਵਧਾਉਣ ਦਾ ਯੋਗ ਵਿਕਲਪ ਸੂਬੇ ਵਿੱਚ ਸੋਸ਼ਲ ਫੋਰੈਸਟੀ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਸਿਹਤਮੰਦ ਵਾਤਾਵਰਣ ਦੀ ਸਿਰਜਣਾ ਕੀਤੀ ਜਾ ਸਕੇ।


ਉਨ੍ਹਾਂ ਦੱਸਿਆ ਕਿ ਇਸ ਮਕਸਦ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ, ਪੰਜਾਬ ਦੀ ਅਗਵਾਈ ਹੇਠ ਸਾਲ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਹਿੱਸੇ ਵਜੋਂ ਪੰਜਾਬ ਦੇ ਸਾਰੇ ਪਿੰਡਾਂ ਵਿੱਚ 550 ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ।


ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਵਿੱਤ ਕਮਿਸ਼ਨਰ ਡੀਕੇ ਤਿਵਾੜੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ, ਜੰਗਲਾਤ ਵਿਭਾਗ ਦੀ ਸਰਗਰਮ ਸ਼ਮੂਲੀਅਤ ਨਾਲ ਰਾਜ ਦੇ 12600 ਤੋਂ ਵੱਧ ਪਿੰਡਾਂ ਵਿੱਚ 550 ਪੌਦੇ ਲਗਾਏ ਗਏ। ਇਸ ਤੋਂ ਇਲਾਵਾ ਸੂਬੇ ਦੀਆਂ ਵੱਖ-ਵੱਖ ਥਾਵਾਂ `ਤੇ ਨਾਨਕ ਬਾਗੀਚੀ ਦੇ ਨਾਂ ਹੇਠ ਜੰਗਲ ਲਗਾਏ ਗਏ ਹਨ ਜਿਸ ਤਹਿਤ ਸਥਾਨਕ ਲੋਕਾਂ ਨੇ ਜੰਗਲਾਤ ਵਿਭਾਗ ਦੀ ਸਹਾਇਤਾ ਅਤੇ ਅਗਵਾਈ ਵਿੱਚ ਨਾਨਕ ਬਗੀਚੀਆਂ ਵਿਕਸਿਤ ਕੀਤੀਆਂ।


ਤਿਵਾੜੀ ਨੇ ਅੱਗੇ ਕਿਹਾ ਕਿ ਹੁਣ ਤੱਕ ਪੰਜਾਬ ਵਿੱਚ 175 ਨਾਨਕ ਬਗੀਚੀਆਂ ਲਗਾਈਆਂ ਗਈਆਂ ਹਨ।ਇਹ ਜੰਗਲ ਸੂਬੇ ਦੀ ਜੈਵ-ਵਿਭਿੰਨਤਾ ਸੰਭਾਲ ਵਿੱਚ ਯੋਗਦਾਨ ਪਾਉਣਗੇ। ਇਸ ਸਾਲ ਵੀ 101 ਨਾਨਕ ਬਗੀਚੀਆਂ ਤਿਆਰ ਕੀਤੀਆਂ ਜਾਣਗੀਆਂ। ਇਹ ਜੈਵ ਵਿਭਿੰਨਤਾ ਦੀ ਸੰਭਾਲ ਦੇ ਨਾਲ ਨਾਲ ਆਕਸੀ ਪਾਰਕਾਂ ਵਜੋਂ ਵੀ ਕੰਮ ਕਰੇਗਾ।


ਤਿਵਾੜੀ ਨੇ ਅੱਗੇ ਦੱਸਿਆ ਕਿ ਗਰੀਨ ਪੰਜਾਬ ਮਿਸ਼ਨ ਤਹਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਹਿੱਸੇ ਵਜੋਂ ਇਸ ਸਾਲ ਪੰਜਾਬ ਵਿੱਚ ਸੋਸ਼ਲ ਫੋਰੈਸਟੀ ਅਧੀਨ 128 ਪਵਿੱਤਰ ਵਣ ਵਿਕਸਿਤ ਕੀਤੇ ਜਾ ਰਹੇ ਹਨ। ਇਹ ਜੰਗਲ ਪੰਚਾਇਤ ਅਤੇ ਜੰਗਲਾਂ ਦੀਆਂ ਜ਼ਮੀਨਾਂ `ਤੇ ਵਿਕਸਤ ਕੀਤੇ ਜਾਣਗੇ ਜਿੱਥੇ ਸਥਾਨਕ ਪ੍ਰਜਾਤੀਆਂ ਅਤੇ ਧਾਰਮਿਕ ਮਹੱਤਤਾ ਵਾਲੇ ਰੁੱਖ ਲਗਾਉਣ ਨੂੰ ਤਰਜੀਹ ਦਿੱਤੀ ਜਾਵੇਗੀ।


ਸੂਬਾ ਸਰਕਾਰ ਵੱਲੋਂ ਇਸ ਸਾਲ ਦੌਰਾਨ 12 ਨੇਚਰ ਅਵੇਅਰਨੈੱਸ ਪਾਰਕ ਵੀ ਵਿਕਸਤ ਕੀਤੇ ਜਾਣਗੇ। ਸੂਬਾ ਸਰਕਾਰ ਨੇ ਇਸ ਸਬੰਧੀ ਮਿਸ਼ਨ ਤੰਦਰੁਸਤ ਪੰਜਾਬ ਦੇ ਸਬ ਮਿਸ਼ਨ ਗਰੀਨ ਪੰਜਾਬ ਅਧੀਨ ਵੱਖ-ਵੱਖ ਵਿਭਾਗਾਂ ਦੀਆਂ ਖਾਲੀ ਪਈਆਂ ਸਰਕਾਰੀ ਜ਼ਮੀਨਾਂ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਹੈ । ਇਸ ਮਿਸ਼ਨ ਦੀ ਸ਼ੁਰੂਆਤ ਮੁੱਖ ਮੰਤਰੀ ਪੰਜਾਬ ਵੱਲੋਂ ਇਸ ਸਾਲ ਵਿਸ਼ਵ ਵਾਤਾਵਰਣ ਦਿਵਸ ਮੌਕੇ ਕੀਤੀ ਗਈ ਸੀ।
ਇਸ ਸਾਲ ਜੰਗਲਾਤ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਵੱਲੋਂ 1 ਕਰੋੜ ਤੋਂ ਵੱਧ ਪੌਦੇ ਲਗਾਉਣ ਤੋਂ ਇਲਾਵਾ ਰਾਜ ਦੇ ਲੋਕਾਂ ਨੂੰ 10 ਲੱਖ ਪੌਦੇ ਮੁਫ਼ਤ ਵੰਡੇ ਜਾਣਗੇ।


ਇਹ ਵੀ ਪੜ੍ਹੋ: ਕੰਨ ਵਿੱਚ Bluetooth ਲਗਾਉਣ ਤੋਂ ਪਹਿਲਾਂ ਰਹੋ ਸਾਵਧਾਨ, ਫੋਨ 'ਚ Earphone ਫੱਟਣ ਨਾਲ ਨੌਜਵਾਨ ਦੀ ਮੌਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904