Sikh News: 'ਜਥੇਦਾਰ' ਹਰਪ੍ਰੀਤ ਸਿੰਘ ਤੇ ਵਿਰਸਾ ਸਿੰਘ ਵਲਟੋਹਾ (Virsa Singh Valtoha) ਵਿੱਚ ਤਲਬੀ ਦੌਰਾਨ ਹੋਈ ਤਲਖੀ ਦੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਹਮਣੇ ਆ ਰਹੀਆਂ ਹਨ ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਕਿਹਾ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ। ਵਲਟੋਹਾ ਦਾ ਕਹਿਣਾ ਹੈ ਕਿ ਜਥੇਦਾਰ ਨੇ ਉਨ੍ਹਾਂ ਨੂੰ ਗਾਲਾਂ ਕੱਢੀਆਂ ਹਨ। ਹਾਲਾਂਕਿ ਦੋਵੇਂ ਆਗੂ ਪੂਰੀ ਵੀਡੀਓ ਜਾਰੀ ਕਰਨ ਦੀ ਮੰਗ ਕਰ ਰਹੇ ਹਨ ਜੋ ਕਿ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਕੋਲ ਹੈ ਜਿਸ ਦੇ ਹੁਣ ਛੋਟੇ-ਛੋਟੇ ਹਿੱਸੇ ਵਾਇਰਲ ਹੋ ਰਹੇ ਹਨ।
ਇਹ ਮਾਮਲਾ ਉਦੋਂ ਹੋਰ ਵੀ ਗਰਮਾ ਗਿਆ ਇੱਕ ਤੋਂ ਬਾਅਦ ਹੁਣ ਦੂਜੀ ਵੀਡੀਓ ਵੀ ਸਾਹਮਣੇ ਆ ਗਈ ਹੈ ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੇ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਵਿਚਾਲੇ ਬਹਿਸ ਹੋ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਵੀਡੀਓ ਰਿਕਾਰਡਿੰਗ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਵਿਖੇ ਹੋਈ ਸੀ ਪਰ ਲੀਕ ਕਿੰਝ ਹੋ ਗਈ, ਇਹ ਵੱਡਾ ਸਵਾਲ ਹੈ ?
ਜਥੇਦਾਰ ਹਰਪ੍ਰੀਤ ਸਿੰਘ ਤੋਂ ਜਦੋਂ ਵਾਇਰਲ ਹੋਈ ਵੀਡੀਓ ਬਾਬਤ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ , ਉਹ ਖ਼ੁਦ ਹੈਰਾਨ ਹਨ ਕਿ ਇਹ ਵੀਡੀਓ ਬਾਹਰ ਕਿਵੇਂ ਆ ਗਈ। ਜਥੇਦਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਖ਼ੁਦ ਇਹ ਵੀਡੀਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ IT ਵਿੰਗ ਦੇ ਕਮੈਰਿਆਂ ਵਿੱਚੋਂ ਡਿਲੀਟ ਕਰਵਾਈ ਸੀ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਰੇਤ ਦੇ ਕੈਮਰਿਆਂ ਵਿੱਚੋਂ ਵੀ ਡਿਲੀਟ ਕਰਵਾਈ ਸੀ। ਇਸ ਵੀਡੀਓ ਸਿਰਫ਼ ਇੱਕ ਪੈਨਡਰਾਇਵ ਵਿੱਚ ਸੀ ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਕੋਲ ਸੀ, ਜੋ ਕਿ ਉਹ ਖ਼ੁਦ ਕੇ ਆਏ ਹਨ।
ਇਸ ਮੌਕੇ ਵਾਇਰਲ ਹੋਈ ਕਲਿੱਪ ਬਾਬਤ ਉਨ੍ਹਾਂ ਕਿਹਾ ਕਿ ਉਹ ਮੰਗ ਕਰਦੇ ਨੇ ਕਿ ਪੂਰੀ ਵੀਡੀਓ ਸਾਂਝੀ ਕੀਤੀ ਜਾਵੇ, ਜਿਸ ਤੋਂ ਬਾਅਦ ਲੋਕ ਸਾਨੂੰ ਕਹਿਣਗੇ ਕਿ ਉਸ( ਵਲਟੋਹਾ) ਦੀ ਛਿੱਤਰ ਪਰੇਡ ਕਿਉਂ ਨਹੀਂ ਕੀਤੀ ਕਿਉਂਕਿ ਉਸ ਨੇ ਜਥੇਦਾਰਾਂ ਸਾਹਮਣੇ ਬਹੁਤ ਬਦਤਮੀਜ਼ੀ ਕੀਤੀ ਹੈ। ਇਸ ਤੋਂ ਬਾਅਦ ਹੁਣ ਵਲਟੋਹਾ ਨੇ ਨਿੱਜੀ ਚੈਨਲ ਨਾਲ ਰਾਬਤਾ ਕਰਦਿਆਂ ਕਿਹਾ ਕਿ ਜੇ ਉਹ ਛਿੱਤਰ ਮਾਰਨ ਦੀ ਗੱਲ ਕਰਦੇ ਹਨ ਤਾਂ ਸ਼ਰਮਨਾਕ ਹੈ। ਜਿਵੇਂ ਜਿਵੇਂ ਕੋਈ ਵਿਅਕਤੀ ਉੱਚੇ ਅਹੁਦਿਆ 'ਤੇ ਜਾਂਦਾ ਉਸਦਾ ਭਾਸ਼ਾ ਉੱਤੇ ਵੀ ਕੰਟਰੋਲ ਹੋਣਾ ਚਾਹੀਦਾ ਹੈ।
ਵਾਇਰਲ ਵੀਡੀਓ ਬਾਬਤ ਵਲਟੋਹਾ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਹੁਣ ਕਿਹਾ ਹੈ ਕਿ ਸਾਰੀ ਵੀਡੀਓ ਸਾਹਮਣੇ ਆਵੇ ਮੈਂ ਤਾਂ ਇਹ ਪੂਰੀ ਵੀਡੀਓ 15 ਅਕਤੂਬਰ ਤੋਂ ਮੰਗ ਰਿਹਾ ਹੈ। ਇਸ ਮੌਕੇ ਵਲਟੋਹਾ ਨੇ ਪੱਲਾ ਝਾੜਦਿਆਂ ਕਿਹਾ ਕਿ ਇਹ ਵੀਡੀਓ ਮੇਰੇ ਕੋਲ ਨਹੀਂ ਹੈ ਇਹ ਤਾਂ ਸੋਸ਼ਲ ਮੀਡੀਆ ਵਾਇਰਲ ਹੋ ਰਹੀ ਹੈ, ਇਹ ਕਲਿੱਪ ਮੇਰੀ ਪੇਸ਼ੀ ਦਾ ਹੈ, ਮੈਂ ਤਾਂ ਇਸ ਦੀ ਪਰਮਾਣਕਤਾ ਦਿੱਤੀ ਹੈ।
ਵਲਟੋਹਾ ਨੇ ਕਿਹਾ ਕਿ ਹਰਪ੍ਰੀਤ ਸਿੰਘ ਕਹਿ ਰਹੇ ਹਨ ਕਿ ਉਨ੍ਹਾਂ ਨੇ ਇਹ ਸਾਰੇ ਕਿਤੋਂ ਡਿਲੀਟ ਕਰਵਾਈ ਹੈ ਤੇ ਇਹ ਸਿਰਫ਼,ਗਿਆਨੀ ਰਘਬੀਰ ਸਿੰਘ ਹੈ, ਉਹ ਤਾਂ ਫਿਰ ਸਿੱਧਾ ਹੀ ਕਹਿ ਰਹੇ ਹਨ ਕਿ ਇਹ ਵੀਡੀਓ ਗਿਆਨੀ ਰਘਬੀਰ ਸਿੰਘ ਕੋਲੋਂ ਆਈ ਹੈ। ਇਸ ਮੌਕੇ ਵਲਟੋਹਾ ਨੇ ਕਿਹਾ ਕਿ ਮੈਂ ਕਹਿਣਾ ਪੂਰੀ ਵੀਡੀਓ ਬਾਹਰ ਆਵੇ ਜਿਸ ਤੋਂ ਬਾਅਦ ਲੋਕ ਦੇਖਣਗੇ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਭਾਸ਼ਾ ਕੀ ਸੀ। ਵਲਟੋਹਾ ਨੇ ਦਾਅਵਾ ਕੀਤਾ ਕਿ, ਉਸ ਦਿਨ ਗਿਆਨੀ ਹਰਪ੍ਰੀਤ ਸਿੰਘ ਤੈਸ਼ ਵਿੱਚ ਆ ਕੇ ਬੋਲ ਰਹੇ ਹਨ। ਵੀਡੀਓ ਵਿੱਚ ਬਹੁਤ ਕੁਝ ਹੈ, ਉਨ੍ਹਾਂ ਕਿਹਾ ਕਿ ਜਦੋਂ ਜਥੇਦਾਰ ਗੁੱਸੇ ਵਿੱਚ ਸਨ ਤਾਂ ਇੱਕ ਸਿੰਘ ਸਾਬ੍ਹ ਨੇ ਤਾਂ ਬਾਂਹ ਤੋਂ ਫੜ੍ਹ ਕੇ ਰੋਕਣ ਦੀ ਕੋਸ਼ਿਸ਼ ਕੀਤੀ।
ਇੱਥੇ ਸਵਾਲ ਇੱਹ ਉੱਠਦਾ ਹੈ ਕਿ ਜਿਨ੍ਹਾਂ ਦੋਂ ਆਗੂਆਂ ਵਿਵਾਦ ਚੱਲ ਰਿਹਾ ਹੈ ਉਹ ਦੋਵੇਂ ਹੀ ਮੰਗ ਕਰਦੇ ਹਨ ਕਿ ਪੂਰੀ ਵੀਡੀਓ ਜਾਰੀ ਕੀਤੀ ਜਾਵੇ ਫਿਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪੰਥ ਵਿੱਚ ਪੈ ਰਹੇ ਕਲੇਸ਼ ਨੂੰ ਰੋਕਣ ਲਈ ਪੂਰੀ ਵੀਡੀਓ ਕਿਉਂ ਨਹੀਂ ਜਾਰੀ ਕਰਦੇ ਜਿਸ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।