ਰੌਬਟ
ਚੰਡੀਗੜ੍ਹ: ਆਮ ਆਦਮੀ ਪਾਰਟੀ ਹੁਣ ਪੰਜਾਬ 'ਚ ਆਪਣਾ ਖਿਲਰਿਆ ਝਾੜੂ ਇਕੱਠਾ ਕਰਨ 'ਚ ਲੱਗ ਗਈ ਹੈ। ਪਾਰਟੀ ਪਿਛਲੇ ਤਿੰਨ ਸਾਲਾਂ 'ਚ ਦੂਰ ਹੋਏ ਨੇਤਾਵਾਂ ਤੇ  ਵਿਧਾਇਕਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਪਾਰਟੀ ਦੀ ਅੱਖ ਖਾਸ ਤੌਰ 'ਤੇ ਕਾਂਗਰਸ ਦੇ ਬਾਗੀ ਲੀਡਰ ਨਵਜੋਤ ਸਿੰਘ ਸਿੱਧੂ 'ਤੇ ਹੈ। ਪਾਰਟੀ ਨੇ ਇਹ ਜ਼ਿੰਮਾ ਜਰਨੈਲ ਸਿੰਘ ਹੱਥ ਦਿੱਤਾ ਹੈ।


ਜਰਨੈਲ ਸਿੰਘ ਦੇ ਐਲਾਨ ਮਗਰੋਂ ਭਗਵੰਤ ਮਾਨ ਦਾ ਐਕਸ਼ਨ

ਜਰਨੈਲ ਸਿੰਘ ਨੂੰ ਬਤੌਰ ਪਾਰਟੀ ਇੰਚਾਰਜ ਤਾਇਨਾਤ ਕੀਤਾ ਗਿਆ ਹੈ। ਜਰਨੈਲ ਸਿੰਘ ਦਿੱਲੀ ਦੇ ਤਿਲਕ ਨਗਰ ਤੋਂ 'ਆਪ' ਦੇ ਵਿਧਾਇਕ ਹਨ। ਦੱਸ ਦਈਏ ਕਿ ਪੰਜਾਬ 'ਚ ਇਸ ਵਕਤ ਜ਼ਬਰਦਸਤ ਧੜੇਬਾਜ਼ੀ ਚੱਲ ਰਹੀ ਹੈ। ਬੀਤੇ ਸਾਲ ਕਈ ਨੇਤਾਵਾਂ ਤੇ ਵਿਧਾਇਕਾਂ ਨੇ ਪਾਰਟੀ ਛੱਡੀ ਹੈ। ਕੁਝ ਨੇਤਾ ਨਾਰਾਜ਼ ਚੱਲ ਰਹੇ ਹਨ। ਹੁਣ ਆਮ ਆਦਮੀ ਪਾਰਟੀ ਨੂੰ ਵਾਪਸ ਪੱਟੜੀ ਤੇ ਲਿਆਉਣ ਲਈ ਪਾਰਟੀ ਮੈਂਬਰ ਨੇ ਮਿਹਨਤ ਸ਼ੁਰੂ ਕਰ ਦਿੱਤੀ ਹੈ।

ਇੰਚਾਰਜ ਬਣਦੇ ਹੀ ਜਰਨੈਲ ਸਿੰਘ ਨੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਹਨ। ਉਨ੍ਹਾਂ ਨਵੋਜਤ ਸਿੱਧੂ ਨੂੰ ਪਾਰਟੀ 'ਚ ਸ਼ਾਮਲ ਹੋਣ ਦਾ ਖੁੱਲ੍ਹਾ ਆਫਰ ਪੇਸ਼ ਕੀਤਾ ਹੈ। ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਸਿੱਧੂ ਨੂੰ 'ਆਪ' 'ਚ ਸ਼ਾਮਲ ਹੋਣਾ ਚਾਹੀਦਾ ਹੈ। ਦੂਜੇ ਪਾਸੇ, ਪੰਜਾਬ ‘ਆਪ’ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਚਾਰ ਦਿਨ ਪਹਿਲਾਂ ਕਿਹਾ ਸੀ ਕਿ ਪੰਜਾਬ ਵਿੱਚ ਚਿਹਰੇ ਦੀ ਕੋਈ ਮਹੱਤਤਾ ਨਹੀਂ। ਇੱਥੇ ਸਿਰਫ ਕੰਮ ਚੱਲਦਾ ਹੈ।

ਜਰਨੈਲ ਸਿੰਘ ਵੱਲੋਂ ਨਵਜੋਤ ਸਿੱਧੂ ਨੂੰ ਪੇਸ਼ਕਸ਼ ਪਾਰਟੀ ਅੰਦਰ ਤੇ ਸਥਾਨਕ ਲੀਡਰਸ਼ਿਪ ਵਿੱਚ ਹੱਲਚਲ ਪੈਦਾ ਕਰ ਸਕਦੀ ਹੈ। ਭਗਵੰਤ ਮਾਨ ਬਾਰੇ ਪਹਿਲਾਂ ਹੀ ਕਿਹਾ ਜਾਂਦਾ ਹੈ ਕਿ ਉਹ ਆਪਣੇ ਕੱਦ ਤੋਂ ਵੱਡੇ ਨੇਤਾਵਾਂ ਨੂੰ ਪਾਰਟੀ ਵਿੱਚ ਨਹੀਂ ਰਹਿਣ ਦਿੰਦੇ। ਹੁਣ ਜਦੋਂ ਜਰਨੈਲ ਨੇ ਸਿੱਧੂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ ਤਾਂ ਇਹ ਜ਼ਰੂਰ ਹੱਲਚਲ ਪੈਦਾ ਕਰੇਗਾ ਤੇ ਹੁਣ ਭਗਵੰਤ ਮਾਨ ਦਾ ਰਵੱਈਆ ਤੇ ਸਭ ਦੀ ਨਜ਼ਰ ਵੀ ਹੋਵੇਗੀ।

ਸੁੱਚਾ ਸਿੰਘ ਛੋਟੇਪੁਰ, ਡਾ. ਦਲਜੀਤ ਸਿੰਘ, ਗੁਰਪ੍ਰੀਤ ਘੁੱਗੀ, ਐਚਐਸ ਫੂਲਕਾ, ਸੁਖਪਾਲ ਖਹਿਰਾ ਤੇ ਕੰਵਰ ਸੰਧੂ ਵਰਗੇ ਆਗੂ ਪਾਰਟੀ ਤੋਂ ਵੱਖ ਹੋ ਗਏ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇਨ੍ਹਾਂ ਸਾਰੇ ਨੇਤਾਵਾਂ ਨੂੰ ਵਾਪਸ ਆਮ ਪਾਰਟੀ ਵਿੱਚ ਲਿਆਂਦਾ ਜਾਵੇਗਾ?

ਜਰਨੈਲ ਸਿੰਘ ਨੂੰ ਮਨੀਸ਼ ਸਿਸੋਦੀਆ ਦੀ ਥਾਂ ਇੰਚਾਰਜ ਬਣਾਇਆ ਗਿਆ ਹੈ। ਇਹ ਅਜਿਹਾ ਮੌਕਾ ਹੈ ਕਿ ਜਦੋਂ ਦੋ ਸਾਲਾਂ ਬਾਅਦ ਪਾਰਟੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਤਾਰਨਾ ਹੈ। ਪਾਰਟੀ ਨੇ ਆਪਣੀ ਤਿਆਰੀ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਸਵਾਲ ਇਹ ਹੈ ਕਿ ਜਰਨੈਲ ਸਿੰਘ ਹੁਣ ਝਾੜੂ ਦੇ ਖਿੰਡੇ ਹੋਏ ਤੀਲਿਆਂ ਨੂੰ ਇੱਕਠਾ ਕਰਨ 'ਚ ਕਮਯਾਬ ਹੁੰਦੇ ਹਨ ਜਾਂ ਉਨ੍ਹਾਂ ਨੂੰ ਪੰਜਾਬ ਵਿੱਚ ਇੱਕ ਨਵਾਂ ਝਾੜੂ ਤਿਆਰ ਕਰਨਗੇ।

ਜਰਨੈਲ ਸਿੰਘ ਨੇ ਦਿੱਲੀ ਵਿੱਚ ਬਿਆਨ ਦਿੱਤਾ ਹੈ ਕਿ ਉਹ ਨਵਜੋਤ ਸਿੱਧੂ ਨੂੰ ਆਮ ਆਦਮੀ ਪਾਰਟੀ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨਗੇ। ਇਸ ਦਾ ਸਿੱਧਾ ਅਰਥ ਹੈ ਕਿ ਪਾਰਟੀ ਹੁਣ ਨਵੇਂ ਚਿਹਰੇ ਅੱਗੇ ਕਰੇਗੀ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਦੇ ਬਾਵਜੂਦ, ਪਾਰਟੀ ਬਾਹਰੀ ਲੋਕਾਂ ਦਾ ਟੈਗ ਨਹੀਂ ਹਟਾ ਸਕੀ, ਇਸ ਲਈ ਪਿਛਲੀਆਂ ਚੋਣਾਂ ਦੌਰਾਨ ਸਿਰਫ 20 ਸੀਟਾਂ ਤੇ ਹੀ ਇਕੱਠੀ ਹੋ ਗਈ।