Punjab News : ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਭਵਾਨੀਗੜ੍ਹ ਦੀ ਕਮੇਟੀ ਨੇ ਪ੍ਰੈਸ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਪਿਛਲੇ ਦਿਨੀਂ ਬੀਕੇਯੂ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਵੱਲੋਂ ਖਾਰਜ ਕੀਤੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਵੱਲੋਂ ਜੱਥੇਬੰਦੀ ਅਤੇ ਆਮ ਲੋਕਾਂ ਵਿੱਚ ਜਥੇਬੰਦੀ ਨੂੰ ਬਦਨਾਮ ਕਰਨ ਲਈ ਵਿਵਾਦ ਖੜ੍ਹੇ ਕੀਤੇ ਜਾ ਰਹੇ ਹਨ‌। ਲੰਘੀ 10 ਜਨਵਰੀ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤੇ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ 'ਤੇ 25 ਹਜਾਰ ਰੁਪਏ ਦੇ ਗ਼ਬਨ ਦਾ ਇਲਜਾਮ ਲਗਾਇਆ ਗਿਆ ਸੀ। ਜਿਸ ਬਾਰੇ ਦੱਸਦੇ ਹੋਏ ਜਸਵਿੰਦਰ ਸਿੰਘ ਨੇ ਕਿਹਾ ਕਿ 2018 ਵਿੱਚ ਪਟਿਆਲੇ ਜ਼ਿਲ੍ਹੇ ਨਾਲ ਸਬੰਧਿਤ ਪਿੰਡ ਕਕਰਾਲਾ ਦੇ ਇੱਕ ਕਿਸਾਨ ਨੇ ਖੁਦਕੁਸ਼ੀ ਕਰ ਲਈ ਸੀ,ਉਸ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਜਗਤਾਰ ਸਿੰਘ ਨੇ 25 ਹਜਾਰ ਰੁਪਏ ਰਿਸ਼ਵਤ ਲਈ ਸੀ। ਇਸ ਮਾਮਲੇ ਵਿਚ ਉਹ ਗਵਾਹ ਵਜੋਂ ਇੱਕ ਸ਼ਖ਼ਸ ਗੁਰਦੇਵ ਸਿੰਘ ਗੱਜੂਮਾਜਰਾ ਨੂੰ ਬਣਾਉਂਦਾ ਹੈ ਕਿਉਂਕਿ ਖੁਦਕੁਸ਼ੀ ਕਰਨ ਵਾਲਾ ਨੌਜਵਾਨ ਗੁਰਦੇਵ ਸਿੰਘ ਦੀ ਭੈਣ ਦਾ ਪੁੱਤਰ ਸੀ।

 



ਬਲਾਕ ਪ੍ਰਧਾਨ ਅਜ਼ੈਬ ਸਿੰਘ ਲੱਖੇਵਾਲ ਨੇ ਕਿਹਾ ਕਿ ਬਲਾਕ ਕਮੇਟੀ ਸੂਬਾ ਆਗੂ ਤੇ ਲਗਾਏ ਇਸ ਇਲਜ਼ਾਮ ਵਿੱਚ ਮੁੱਢੋਂ ਰੱਦ ਕਰਦੀ ਹੈ। ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ,ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾ ਤੇ ਜਗਤਾਰ ਸਿੰਘ ਲੱਡੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ 20 ਦਸੰਬਰ 2018 ਨੂੰ ਮਹਿੰਦਰ ਕੌਰ ਜੋ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਮਾਂ ਹੈ, ਜਿਸਨੇ ਜੱਥੇਬੰਦੀ ਨੂੰ 25 ਹਜਾਰ ਰੁਪਏ ਫੰਡ ਦਿੱਤਾ ਸੀ।ਜਿਸਦਾ ਹਿਸਾਬ ਕਿਤਾਬ ਬਲਾਕ ਕਮੇਟੀ ਕੋਲ ਮੌਜੂਦ ਹੈ,ਉਹ ਵੇਲੇ ਕੱਟੀ ਪਰਚੀ ਵੀ ਆਗੂਆਂ ਨੇ ਪੇਸ਼ ਕੀਤੀ।ਬਲਾਕ ਦੇ ਖਜ਼ਾਨਚੀ ਬਲਵਿੰਦਰ ਸਿੰਘ ਘਨੌੜ ਜੱਟਾਂ ਨੇ ਕਿਹਾ ਕਿ ਜਿਸ ਨੇ ਵੀ ਕਦੇ ਹਿਸਾਬ ਕਿਤਾਬ ਬਾਰੇ ਜਾਣਕਾਰੀ ਲੈਣੀ ਹੋਵੇ,ਉਹ ਕਿਸੇ ਵੀ ਵੇਲੇ ਬਲਾਕ ਖ਼ਜ਼ਾਨਚੀ ਨਾਲ ਸੰਪਰਕ ਕਰ ਸਕਦਾ ਹੈ।

 



ਬਲਾਕ ਆਗੂਆਂ ਨੇ ਇੱਕਸੁਰਤਾ ਵਿਚ ਆਖਿਆ ਕਿ ਜਸਵਿੰਦਰ ਲੌਂਗੋਵਾਲ ਵੱਲੋਂ ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ 'ਤੇ 25 ਹਜਾਰ ਰੁਪਏ ਦੇ ਗ਼ਬਨ ਦੇ ਦੋਸ਼ ਬਿਲਕੁਲ ਝੂਠੇ ਅਤੇ ਬੇਬੁਨਿਆਦ ਹਨ। ਜੱਥੇਬੰਦੀ ਚੋਂ ਬਾਹਰ ਕਰਨ ਦੇ ਫੈਸਲੇ ਨੂੰ ਸੁਣ ਕੇ ਜਸਵਿੰਦਰ ਸਿੰਘ ਲੌਂਗੋਵਾਲ ਦਾ ਮਾਨਸਿਕ ਸੰਤੁਲਨ ਹਿਲ ਚੁੱਕਿਆ ਹੈ।ਉਹ ਲਗਾਤਾਰ ਜੱਥੇਬੰਦੀ ਵਿਰੋਧੀ ਕਾਰਵਾਈਆਂ ਕਰ ਰਿਹਾ ਹੈ। ਜੱਥੇਬੰਦੀ ਦੀ ਲੀਡਰਸ਼ਿਪ ਨੂੰ ਭੰਡ ਰਿਹਾ ਹੈ। ਜਸਵਿੰਦਰ ਸਿੰਘ ਲੌਂਗੋਵਾਲ ਅਤੇ ਉਸਦੇ ਹਮਾਇਤੀਆਂ ਨੂੰ ਇਹ ਮਾਮਲਾ ਪੰਜ ਸਾਲਾਂ ਬਾਅਦ ਹੀ ਕਿਉਂ ਚੇਤੇ ਆਇਆ ਪਹਿਲਾਂ ਕਦੇ ਕਿਸੇ ਬਲਾਕ,ਜ਼ਿਲ੍ਹਾ ਜਾਂ ਸੂਬਾ ਕਮੇਟੀ ਦੇ ਅਦਾਰੇ ਵਿਚ ਕਿਉਂ ਨੀ ਰੱਖੀ।


ਬਲਾਕ ਆਗੂਆਂ ਨੇ ਕਿਹਾ ਕਿ ਬੀਕੇਯੂ ਏਕਤਾ ਉਗਰਾਹਾਂ ਅਸੂਲਾਂ ਦੀ ਮੁਦੱਈ ਜੱਥੇਬੰਦੀ ਹੈ, ਜੇਕਰ ਕੋਈ ਆਗੂ ਅਸੂਲਾਂ ਦੀ ਉਲੰਘਣਾਂ ਕਰਦਾ ਹੈ, ਚਾਹੇ ਉਹ ਕਿਸੇ ਵੀ ਪੱਧਰ ਦਾ ਆਗੂ ਹੋਵੇ ਤਾਂ ਉਸ ਨੂੰ ਬਾਹਰ ਦਾ ਰਾਸਤਾ ਦਿਖਾਉਣਾ ਚਾਹੀਦਾ ਹੈ,ਇਸ ਨਾਲ ਜੱਥੇਬੰਦੀ ਖਿਡਾਅ ਦਾ ਸ਼ਿਕਾਰ ਨਹੀਂ ਹੁੰਦੀ ਸਗੋਂ ਜੱਥੇਬੰਦੀ ਵਿੱਚ ਨਿਖਾਰ ਆਉਂਦਾ ਹੈ। ਬਲਾਕ ਕਮੇਟੀ ਨੇ ਸੂਬਾ ਕਮੇਟੀ ਦੇ ਜਸਵਿੰਦਰ ਸਿੰਘ ਲੌਂਗੋਵਾਲ ਨੂੰ ਜੱਥੇਬੰਦੀ ਚੋਂ ਬਾਹਰ ਕਰਨ ਦੇ ਫੈਸਲੇ ਨੂੰ ਦਰੁਸਤ ਅਤੇ ਸਹੀ ਫੈਸਲਾ ਕਰਾਰ ਦਿੱਤਾ ਹੈ।