Punjab News:  ਸੰਗਰੂਰ ਦੇ ਪਿੰਡ ਨਮੋਲ ਦੇ ਕਿਸਾਨ ਚੋਰਾਂ ਤੋਂ ਪ੍ਰੇਸ਼ਾਨ ਹਨ ਕਿਉਂਕਿ ਖੇਤ ਵਿੱਚ ਫ਼ਸਲ ਪਾਣੀ ਦੀ ਮੰਗ ਕਰ ਰਹੀ ਹੈ, ਉਨ੍ਹਾਂ ਨੇ ਖਾਦ ਪਾ ਦਿੱਤੀ ਹੈ ਪਰ ਜਦੋਂ ਉਹ ਖੇਤ ਵਿੱਚ ਜਾ ਕੇ ਦੇਖਦੇ ਹਨ ਤਾਂ ਕਦੇ ਮੋਟਰ ਦੀ ਕੇਬਲ ਜਾਂ ਕਦੇ ਸਟਾਰਟਰ ਹੀ ਚੋਰੀ ਕੀਤਾ ਹੁੰਦਾ ਹੈ। ਬੀਤੀ ਰਾਤ 7 ਦੇ ਕਰੀਬ ਖੇਤਾਂ 'ਚੋਂ ਤਾਰ ਚੋਰੀ ਹੋਈ ਹੈ ਤੇ ਕੋਈ ਕੱਲ਼੍ਹ ਦੀ ਗੱਲ ਨਹੀਂ ਹੈ ਆਏ ਦਿਨ ਇਸ ਪਿੰਡ ਵਿੱਚ ਚੋਰੀਆਂ ਹੋ ਰਹੀਆਂ ਹਨ। ਪਿੰਡ ਦੇ ਕਿਸਾਨਾਂ 'ਚ ਚੋਰਾ ਦਾ ਇੰਨਾ ਕੁ ਸਹਿਮ ਪਾਇਆ ਹੋਇਆ ਹੈ ਕਿ ਕੋਈ ਇਕੱਲੇ ਖੇਤ ਜਾਣ ਤੋਂ ਵੀ ਡਰਦਾ ਹੈ।


ਆਖ਼ਰ ਕਿਉਂ ਹੁੰਦੀ ਹੈ ਚੋਰੀ


ਕੇਬਲ ਚੋਰੀ ਹੋਣ ਦਾ ਵੱਡਾ ਕਾਰਨ ਕੇਬਲ ਤਾਰ ਵਿੱਚ ਪਾਇਆ ਜਾਣ ਵਾਲਾ ਤਾਂਬਾ ਹੈ ਜੋ ਕਿ ਬਹੁਤ ਮਹਿੰਗਾ ਵਿਕਦਾ ਹੈ ਅਤੇ ਇਹੀ ਤਾਂਬਾ ਮੋਟਰ ਦੇ ਸਟਾਰਟਰ ਅਤੇ ਟਰਾਂਸਫਰ ਵਿੱਚ ਵੀ ਪਾਇਆ ਜਾਂਦਾ ਹੈ।


ਕੀ ਕਹਿਣਾ ਹੈ ਕਿਸਾਨਾਂ ਦਾ


ਕਿਸਾਨ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਸਵੇਰੇ ਖੇਤਾਂ 'ਚ ਗਿਆ ਤਾਂ ਦੇਖਿਆ ਕਿ ਕਿਸੇ ਨੇ ਉਸ ਦੀ 50 ਫੁੱਟ ਦੀ ਤਾਰ ਚੋਰੀ ਕਰ ਲਈ ਹੈ, ਜਿਸ ਨੂੰ ਉਸ ਨੇ ਸਟਾਰਟਰ ਤੋਂ ਲੈ ਕੇ ਟਿਊਬਲ ਤੱਕ 2 ਫੁੱਟ ਮਿੱਟੀ ਵਿੱਚ ਦੱਬਿਆ ਹੋਇਆ ਸੀ।


ਫ਼ਸਲ ਹੋ ਰਹੀ ਹੈ ਖ਼ਰਾਬ


ਕਿਸਾਨ ਦਾ ਕਹਿਣਾ ਹੈ ਕਿ ਉਹ ਖੇਤ ਵਿੱਚ ਖਾਦ ਪਾ ਚੁੱਕਿਆ ਹੈ ਤੇ ਹੁਣ ਫਸਲ ਨੂੰ ਪਾਣੀ ਦੀ ਜ਼ਰੂਰਤ ਹੈ ਜਿਸ ਕਾਰਨ ਫਸਲ ਹੁਣ ਖ਼ਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਹੁਣ ਫਸਲ ਖਰਾਬ ਹੋ ਰਹੀ ਹੈ, ਦੂਜੇ ਪਾਸੇ  5 ਤੋਂ 7 ਹਜ਼ਾਰ ਰੁਪਏ ਨਵੀਂ ਕੇਬਲ ਉੱਤੇ ਲੱਗਣਗੇ। ਮੋਟਰ ਕੱਢਣ ਵਾਲੇ ਮਕੈਨਿਕ ਨੂੰ ਪੈਸੇ ਦੇਣੇ ਪੈਣਗੇ।


ਲੰਬੇ ਸਮੇਂ ਤੋਂ ਹੋ ਰਹੀਆਂ ਨੇ ਚੋਰੀਆਂ


ਕਿਸਾਨਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਇੱਕ ਦਿਨ ਦੀ ਗੱਲ ਨਹੀਂ ਹੈ  ਲੰਬੇ ਸਮੇਂ ਤੋਂ ਚੋਰਾਂ ਦੀ ਦਹਿਸ਼ਤ ਇੰਨੀ ਜ਼ਿਆਦਾ ਹੈ ਕਿ ਕਦੇ ਉਹ ਟਰਾਂਸਫਰ ਚੋਰੀ ਕਰ ਲੈਂਦੇ ਹਨ, ਕਦੇ ਉਸ ਦੀ ਮੋਟਰ ਦਾ ਸਟਾਰਟਰ ਚੋਰੀ ਹੋ ਜਾਂਦਾ ਹੈ ਅਤੇ ਚੋਰਾਂ ਦੇ ਡਰ ਕਾਰਨ ਕੋਈ ਵੀ ਖੇਤਾਂ 'ਚ ਇਕੱਲਾ ਜਾਣ ਤੋਂ ਨਹੀਂ ਡਰਦਾ।


ਨਸ਼ੇੜੀ ਕਰ ਰਹੇ ਨੇ ਚੋਰੀਆਂ !


ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨਸ਼ੇੜੀਆਂ ਦਾ ਕੰਮ ਹੈ, ਜੋ ਮਾਮੂਲੀ ਨਸ਼ੇ ਲਈ ਅਜਿਹੇ ਕੰਮ ਕਰਦੇ ਹਨ, ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨੇ ਸਵਾਲ ਚੁੱਕਦਿਆਂ ਕਿਹਾ ਕਿ ਜਿਸ ਤਰ੍ਹਾਂ ਪੁਲਿਸ ਚਾਈਨਾ ਡੋਰ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕਰ ਰਹੀ ਹੈ, ਕੀ ਉਨ੍ਹਾਂ ਨੂੰ ਸਕਰੈਪ ਡੀਲਰਾਂ 'ਤੇ ਛਾਪੇਮਾਰੀ ਕਰਨੀ ਚਾਹੀਦੀ।


ਜਦੋਂ ਇਸ ਮਾਮਲੇ ਸਬੰਧੀ ਪਿੰਡ ਚੀਮਾ ਥਾਣੇ ਦੇ ਐਸਐਚਓ ਨਾਲ ਗੱਲ ਕੀਤੀ ਗਈ ਤਾਂ ਪਤਾ ਲੱਗਾ ਕਿ ਐਸਐਚਓ ਛੁੱਟੀ ’ਤੇ ਸੀ ਅਤੇ ਉਨ੍ਹਾਂ ਦੀ ਥਾਂ ’ਤੇ ਮੌਜੂਦ ਇੰਚਾਰਜ ਨੇ ਕੈਮਰੇ ਸਾਹਮਣੇ ਬੋਲਣ ਤੋਂ ਇਨਕਾਰ ਕਰ ਦਿੱਤਾ।