ਚੰਡੀਗੜ੍ਹ: ਨੌਕਰੀਆਂ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਸਿੱਖਿਆ ਵਿਭਾਗ ਵੱਲੋਂ ਚੰਗੀ ਖ਼ਬਰ ਆਈ ਹੈ। ਨਵੇਂ ਸਾਲ ਵਿੱਚ ਅਧਿਆਪਕਾਂ ਦੀ ਭਰਤੀ ਹੋਣ ਦੀ ਉਮੀਦ ਹੈ। ਇਸ ਦੀ ਪੁਸ਼ਟੀ ਕਰਦਿਆਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰਨ ਲਈ ਸਰਕਾਰ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇਸ ਸਬੰਧੀ ਵਿੱਤ ਵਿਭਾਗ ਵੱਲੋਂ ਹਰੀ ਝੰਡੀ ਦਿੱਤੀ ਜਾ ਚੁੱਕੀ ਹੈ।

ਸਿੰਗਲਾ ਨੇ ਦੱਸਿਆ ਕਿ ਨਵੇਂ ਬਣਾਏ ਸੇਵਾਂ ਨਿਯਮਾਂ ਅਨੁਸਾਰ ਪਹਿਲਾਂ ਤਾਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ, ਪ੍ਰਾਇਮਰੀ ਦੀਆਂ ਹੈੱਡ ਟੀਚਰ ਤੇ ਸੈਂਟਰ ਹੈੱਡ ਟੀਚਰਾਂ ਦੀਆਂ ਤਰੱਕੀਆਂ, ਮਾਸਟਰ ਕਾਡਰ ਤੋਂ ਲੈਕਚਰਾਰ ਤੇ ਲੈਕਚਰਾਰ ਤੋਂ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਕਰਨ ਦੀ ਪ੍ਰਕਿਰਿਆ ਨੂੰ ਸਿੱਖਿਆ ਵਿਭਾਗ ਨੇ ਤੇਜ਼ੀ ਨਾਲ ਨਿਪਟਾ ਕੇ ਲੋੜੀਂਦੀ ਰੈਸ਼ਨੇਲਾਈਜ਼ੇਸ਼ਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ। ਇਸ ਨਾਲ ਸਿੱਖਿਆ ਵਿਭਾਗ ਵਿੱਚ ਨਵੀਆਂ ਅਸਾਮੀਆਂ ਉਜਾਗਰ ਹੋਈਆਂ ਹਨ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਵਿੱਤ ਵਿਭਾਗ ਨੂੰ ਨਵੀਂ ਭਰਤੀ ਲਈ ਪ੍ਰਸਤਾਵ ਭੇਜਿਆ ਗਿਆ ਸੀ ਜਿਸ ’ਤੇ ਵਿੱਤ ਵਿਭਾਗ ਨੇ ਹਾਮੀ ਭਰ ਦਿੱਤੀ ਹੈ। ਹੁਣ ਸਿੱਖਿਆ ਵਿਭਾਗ ਵੱਲੋਂ ਤਿਆਰ ਇਸ ਪ੍ਰਸਤਾਵ ਨੂੰ ਪੰਜਾਬ ਦੀ ਕੈਬਨਿਟ ਮੀਟਿੰਗ ਵਿੱਚ ਪ੍ਰਵਾਨਗੀ ਲਈ ਭੇਜਣ ਹਿੱਤ ਤਿਆਰ ਕਰ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਭਰਤੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਸਿੱਖਿਆ ਵਿਭਾਗ ਦਾ ਆਪਣਾ ਭਰਤੀ ਬੋਰਡ ਪਹਿਲਾਂ ਹੀ ਕੈਬਨਿਟ ਵੱਲੋਂ ਪ੍ਰਵਾਨ ਹੈ, ਜਿਸ ਲਈ ਸਿੱਖਿਆ ਵਿਭਾਗ ਵੱਲੋਂ ਕਿਸੇ ਕਿਸਮ ਦੀ ਕੋਈ ਹੋਰ ਦੇਰੀ ਦੀ ਸੰਭਾਵਨਾ ਨਹੀਂ ਹੋਵੇਗੀ। ਇਸ ਲਈ ਜਿਵੇਂ ਹੀ ਪੰਜਾਬ ਕੈਬਨਿਟ ਵੱਲੋਂ ਸਿੱਖਿਆ ਵਿਭਾਗ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਮਿਲ ਜਾਵੇਗੀ, ਨਾਲ ਹੀ ਨਵੀਂ ਭਰਤੀ ਵਿੱਤ ਵਿਭਾਗ ਵਿਭਾਗ ਵੱਲੋਂ ਪ੍ਰਵਾਨਿਤ ਅਸਾਮੀਆਂ ਅਨੁਸਾਰ ਇਸ਼ਤਿਹਾਰ ਦੇ ਕੇ ਪ੍ਰਕਿਰਿਆ 31 ਮਾਰਚ, 2020 ਤੱਕ ਪੂਰਨ ਕਰ ਦਿੱਤੀ ਜਾਵੇਗੀ।

Education Loan Information:

Calculate Education Loan EMI