ਨਵੀਂ ਦਿੱਲੀ: ਯੂਪੀ ਦੇ ਲਖੀਮਪੁਰ ਖੀਰੀ 'ਚ ਕਿਸਾਨਾਂ ਨਾਲ ਹੋਏ ਦਰਦਨਾਕ ਹਾਦਸੇ ਤੋਂ ਬਾਅਦ ਭਾਜਪਾ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ। ਵਿਰੋਧੀ ਧਿਰ ਲਗਾਤਾਰ ਕੇਂਦਰ ਤੇ ਯੂਪੀ ਦੀ ਯੋਗੀ ਸਰਕਾਰ 'ਤੇ ਨਿਸ਼ਾਨੇ ਸਾਧ ਰਹੇ ਹਨ। ਇਸ ਦੇ ਨਾਲ ਹੀ ਬੇਬਾਕ ਅੰਦਾਜ਼ 'ਚ ਬੋਲਣ ਲਈ ਜਾਣੇ ਜਾਂਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਹੁਣ ਭਾਜਪਾ ਤੇ ਯੂਪੀ ਪੁਲਿਸ 'ਤੇ ਸਵਾਲ ਖੜ੍ਹੇ ਕੀਤੇ ਹਨ।


ਆਪਣਾ ਸਵਾਲ ਪੁੱਛਦਿਆਂ ਸਿੱਧੂ ਨੇ ਕਿਹਾ ਹੈ ਕਿ 54 ਘੰਟੇ ਬੀਤ ਜਾਣ ਦੇ ਬਾਅਦ ਵੀ ਕਾਂਗਰਸ ਦੀ ਜਨਰਲ ਸਕੱਤਰ ਤੇ ਯੂਪੀ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਅਦਾਲਤ ਵਿੱਚ ਪੇਸ਼ ਕਿਉਂ ਨਹੀਂ ਕੀਤਾ ਗਿਆ? ਉਨ੍ਹਾਂ ਕਿਹਾ ਹੈ ਕਿ ਇਹ ਸੰਵਿਧਾਨਕ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ।




ਸਿੱਧੂ ਨੇ ਟਵੀਟ ਕੀਤਾ, "54 ਘੰਟੇ ਬੀਤ ਗਏ ਹਨ!! @ਪ੍ਰਿਯੰਕਾ ਗਾਂਧੀ ਜੀ ਨੂੰ ਕਿਸੇ ਵੀ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ... 24 ਘੰਟਿਆਂ ਤੋਂ ਵੱਧ ਸਮੇਂ ਲਈ ਗੈਰਕਨੂੰਨੀ ਨਜ਼ਰਬੰਦੀ ਬੁਨਿਆਦੀ ਅਧਿਕਾਰਾਂ ਦੀ ਸਪੱਸ਼ਟ ਉਲੰਘਣਾ ਹੈ। ਭਾਜਪਾ ਤੇ ਯੂਪੀ ਪੁਲਿਸ: ਤੁਸੀਂ ਸੰਵਿਧਾਨ ਦੀ ਭਾਵਨਾ ਦੀ ਉਲੰਘਣਾ ਕਰ ਰਹੇ ਹੋ, ਸਾਡੇ ਬੁਨਿਆਦੀ ਮਨੁੱਖੀ ਅਧਿਕਾਰਾਂ 'ਤੇ ਹਮਲਾ ਕਰ ਰਹੇ ਹੋ!!”


ਯੂਪੀ ਦੇ ਲਖੀਮਪੁਰ ਖੀਰੀ 'ਚ ਐਤਵਾਰ ਸ਼ਾਮ ਕਿਸਾਨਾਂ ਦੀ ਮੌਤ ਤੋਂ ਬਾਅਦ ਯੂਪੀ ਪੁਲਿਸ ਨੇ ਸੋਮਵਾਰ ਨੂੰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਲਖੀਮਪੁਰ ਖੀਰੀ ਜਾਣ ਤੋਂ ਰੋਕ ਦਿੱਤਾ ਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਪ੍ਰਿਯੰਕਾ ਗਾਂਧੀ ਨੂੰ ਸੀਤਾਪੁਰ ਜ਼ਿਲ੍ਹੇ ਦੇ ਗੈਸਟ ਹਾਊਸ 'ਚ ਰੱਖਿਆ ਗਿਆ ਹੈ। ਦੋ ਦਿਨਾਂ ਬਾਅਦ ਵੀ ਉਨ੍ਹਾਂ ਨੂੰ ਨਾ ਤਾਂ ਰਿਹਾਅ ਕੀਤਾ ਗਿਆ ਹੈ ਤੇ ਨਾ ਹੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।


ਪ੍ਰਿਯੰਕਾ ਗਾਂਧੀ ਨੇ ਮੰਗਲਵਾਰ ਨੂੰ ਜਾਰੀ ਬਿਆਨ ਵਿੱਚ ਇਹ ਵੀ ਕਿਹਾ ਸੀ, "38 ਘੰਟੇ ਬੀਤ ਗਏ ਹਨ। ਇਸ ਦੇ ਬਾਵਜੂਦ ਨਾ ਤਾਂ ਮੈਨੂੰ ਕੋਈ ਆਦੇਸ਼ (ਗ੍ਰਿਫਤਾਰੀ ਸਬੰਧੀ) ਦਿੱਤਾ ਗਿਆ ਹੈ ਤੇ ਨਾ ਹੀ ਕੋਈ ਨੋਟਿਸ ਦਿੱਤਾ ਗਿਆ ਹੈ।" ਪ੍ਰਿਯੰਕਾ ਨੇ ਕਿਹਾ ਸੀ, "ਮੈਨੂੰ 4 ਅਕਤੂਬਰ ਨੂੰ ਸਵੇਰੇ 4.30 ਵਜੇ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰੀ ਅਧਿਕਾਰੀ, ਡੀਸੀਪੀ ਪੀਯੂਸ਼ ਕੁਮਾਰ ਸਿੰਘ (ਸੀਓ ਸਿਟੀ, ਸੀਤਾਪੁਰ) ਨੇ ਜ਼ੁਬਾਨੀ ਦੱਸਿਆ ਕਿ ਇਹ ਗ੍ਰਿਫਤਾਰੀ ਧਾਰਾ 151 ਦੇ ਤਹਿਤ ਕੀਤੀ ਗਈ ਹੈ।" ਦੱਸ ਦਈਏ ਕਿ ਜਿੱਥੋਂ ਪ੍ਰਿਅੰਕਾ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਉਹ ਥਾਂ ਲਖੀਮਪੁਰ ਖੀਰੀ ਜ਼ਿਲ੍ਹੇ ਤੋਂ 20 ਕਿਲੋਮੀਟਰ ਦੂਰ ਹੈ।


ਇਹ ਵੀ ਪੜ੍ਹੋ: Navratri Special 2021: ਵਰਤ ਦੌਰਾਨ ਕਿਤੇ ਤੁਸੀਂ ਤਾਂ ਨਹੀਂ ਖਾ ਰਹੇ ਮਿਲਾਵਟੀ ਖਾਣਾ, ਇੰਜ ਕਰੋ ਸ਼ੁਧਤਾ ਦੀ ਪਛਾਣ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904