ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਰੀਆਂ ਸਿੱਖ ਧਿਰਾਂ ਨੂੰ ਇਕਜੁੱਟ ਹੋ ਜਾਣਾ ਚਾਹੀਦਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਨੂੰ ਗੰਭੀਰਤਾ ਨਾਲ ਲੈਂਦਿਆਂ ਸਿੱਖ ਕੌਮ ਦੇ ਨਾਂ ਇਹ ਸੰਦੇਸ਼ ਜਾਰੀ ਕੀਤਾ ਹੈ।



ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਅਪੀਲ ਜਾਰੀ ਕਰਦਿਆਂ ਆਖਿਆ ਕਿ ਇਸ ਸਮੇਂ ਸਮੁੱਚੀਆਂ ਸਿੱਖ ਧਿਰਾਂ ਨੂੰ ਆਪਸੀ ਵੱਖਰੇਵੇਂ ਛੱਡ ਕੇ ਇਕਜੁੱਟ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿੱਚ ਵਾਪਰੀ ਘਟਨਾ ਬੇਅਦਬੀਆਂ ਦੇ ਮਾਮਲੇ ਦੀ ਸਿਖਰ ਹੈ। ਇਹ ਰੂਹਾਨੀ ਅਸਥਾਨ ਸਿੱਖਾਂ ਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰਾ ਹੈ। ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਸਿੱਖਾਂ ’ਤੇ ਸਿਧਾਂਤਕ ਤੇ ਸਰੀਰਕ ਪੱਖੋਂ ਹਮਲੇ ਕਰ ਰਹੀਆਂ ਹਨ ਜਿਨ੍ਹਾਂ ਨੂੰ ਪਛਾੜਨ ਲਈ ਸਮੁੱਚੀ ਸਿੱਖ ਕੌਮ ਦਾ ਇਕਜੁੱਟ ਹੋਣਾ ਜ਼ਰੂਰੀ ਹੈ।

ਦੱਸ ਦਈਏ ਕਿ 18 ਦਸੰਬਰ ਦੀ ਰਾਤ ਨੂੰ ਅਣਪਛਾਤੇ ਨੌਜਵਾਨ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜੰਗਲਾ ਟੱਪ ਕੇ ਪ੍ਰਕਾਸ਼ ਅਸਥਾਨ ’ਤੇ ਬੇਅਦਬੀ ਕਰਨ ਦਾ ਯਤਨ ਕੀਤਾ ਗਿਆ ਸੀ। ਇਸ ਨੌਜਵਾਨ ਦੀ ਕੁੱਟਮਾਰ ਦੌਰਾਨ ਮੌਤ ਹੋ ਗਈ ਸੀ। ਹੈਰਾਨੀ ਦੀ ਗੱਲ਼ ਹੈ ਕਿ ਪੁਲਿਸ ਅਜੇ ਇਸ ਵਿਅਕਤੀ ਦੀ ਸ਼ਨਾਖਤ ਨਹੀਂ ਕਰ ਸਕੀ। ਇਸ ਘਟਨਾ ਮਗਰੋਂ ਸਿੱਖ ਸੰਗਤ ਵਿੱਚ ਬੇਹੱਦ ਰੋਹ ਹੈ।