ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਸਕੂਲਾਂ 'ਚ 27 ਹਜ਼ਾਰ ਤੋਂ ਵੱਧ ਪੋਸਟਾਂ ਖਾਲੀ ਹਨ। ਇਸ ਕਰਕੇ ਇੱਕ ਪਾਸੇ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਪਰ ਦੂਜੇ ਪਾਸੇ ਡਿਗਰੀਆਂ ਲੈ ਕੇ ਬੇਰੁਜ਼ਗਾਰ ਅਧਿਆਪਕ ਸੜਕਾਂ 'ਤੇ ਨੌਕਰੀਆਂ ਮੰਗਦੇ ਡੰਡੇ ਖਾ ਰਹੇ ਹਨ। ਹੈਰਾਨੀ ਦੀ ਗੱਲ਼ ਹੈ ਕਿ ਇਹ ਸਾਭ ਜਾਣਦੇ ਹੋਏ ਵੀ ਕੈਪਟਨ ਸਰਕਾਰ ਨੇ ਮਹਿਜ਼ 2128 ਆਸਾਮੀਆਂ ਨੂੰ ਮਨਜ਼ੂਰੀ ਦਿੱਤੀ ਹੈ।

ਇਸ ਦਾ ਨੋਟਿਸ ਲੈਂਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸੂਬੇ ਦੇ ਸਰਕਾਰੀ ਸਕੂਲਾਂ 'ਚ 27 ਹਜ਼ਾਰ ਤੋਂ ਵੱਧ ਖ਼ਾਲੀ ਪਈਆਂ ਅਸਾਮੀਆਂ 'ਤੇ ਭਰਤੀ ਪ੍ਰਕਿਰਿਆ ਤੁਰੰਤ ਸ਼ੁਰੂ ਕੀਤਾ ਜਾਵੇ ਤਾਂ ਕਿ ਗ਼ਰੀਬਾਂ, ਦਲਿਤਾਂ ਸਮੇਤ ਆਮ ਪਰਿਵਾਰਾਂ ਨਾਲ ਸਬੰਧਤ ਤੇ ਸਰਕਾਰੀ ਸਕੂਲਾਂ 'ਤੇ ਨਿਰਭਰ ਬੱਚੇ ਮਿਆਰੀ ਸਿੱਖਿਆ ਹਾਸਲ ਕਰ ਸਕਣ।

ਕੋਰ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਤੇ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪੰਜਾਬ 'ਚ ਲਗਪਗ 70 ਹਜ਼ਾਰ ਈਟੀਟੀ ਤੇ ਬੀਐਡ-ਟੈੱਟ ਪਾਸ ਦੀ ਯੋਗਤਾ ਰੱਖਣ ਵਾਲੇ ਅਧਿਆਪਕ ਬੇਰੁਜ਼ਗਾਰ ਹਨ, ਜੋ ਪਿਛਲੀ ਬਾਦਲ ਸਰਕਾਰ ਦੇ ਵੇਲਿਆਂ ਤੋਂ ਅੱਜ ਤੱਕ ਨੌਕਰੀ ਲਈ ਸੰਘਰਸ਼ ਕਰ ਰਹੇ ਹਨ। ਦੂਜੇ ਪਾਸੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ 27 ਹਜ਼ਾਰ ਤੋਂ ਵੱਧ ਈਟੀਟੀ ਤੇ ਬੀਐਡ ਦੀਆਂ ਅਸਾਮੀਆਂ ਖ਼ਾਲੀ ਪਈਆਂ ਹਨ। ਇਸ ਦਾ ਖ਼ਮਿਆਜ਼ਾ ਸਰਕਾਰੀ ਸਕੂਲਾਂ 'ਚ ਪੜ੍ਹਦੇ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ।

ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਘਰ-ਘਰ ਸਰਕਾਰੀ ਨੌਕਰੀ ਦੇ ਵਾਅਦੇ ਨਾਲ ਸੱਤਾ 'ਚ ਆਈ ਕੈਪਟਨ ਸਰਕਾਰ ਖ਼ਾਲੀ ਪੋਸਟਾਂ ਲਈ ਯੋਗ ਉਮੀਦਵਾਰਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ 15000 ਤੋਂ ਵੱਧ ਯੋਗ ਈਟੀਟੀ ਅਧਿਆਪਕਾਂ ਲਈ ਸਿਰਫ 500 ਅਸਾਮੀਆਂ ਨੂੰ ਮਨਜੂਰੀ ਇਸ ਗੱਲ ਦਾ ਸਬੂਤ ਹੈ, ਜਦਕਿ ਸਰਕਾਰੀ ਸਕੂਲਾਂ 'ਚ ਈਟੀਟੀ ਦੇ 12000 ਤੋਂ ਵੱਧ ਪਦ ਖਾਲੀ ਪਏ ਹਨ। ਇਹੋ ਸਲੂਕ ਬੀਐਡ ਟੈਟ ਪਾਸ ਅਧਿਆਪਕਾਂ ਨਾਲ ਕੀਤਾ ਜਾ ਰਿਹਾ ਹੈ, ਜੋ ਪਿਛਲੇ 4 ਮਹੀਨਿਆਂ ਤੋਂ ਨੌਕਰੀਆਂ ਲਈ ਪੱਕਾ ਮੋਰਚਾ ਲਗਾਈ ਬੈਠੇ ਹਨ।

Education Loan Information:

Calculate Education Loan EMI