ਫਾਜ਼ਿਲਕਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਫਾਜ਼ਿਲਕਾ ਦਾ ਰਹਿਣ ਵਾਲਾ ਗੋਲਡੀ ਬਰਾੜ ਕਾਫੀ ਪ੍ਰੇਸ਼ਾਨ ਹੈ। ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਨਾਂ 'ਤੇ ਉਸ ਦੀ ਫੋਟੋ ਵਾਇਰਲ ਹੋ ਗਈ ਹੈ। ਇਸ ਵਿੱਚ ਉਹ ਸੀਐਮ ਭਗਵੰਤ ਮਾਨ ਨਾਲ ਨਜ਼ਰ ਆ ਰਹੇ ਹਨ। ਜਿਵੇਂ ਹੀ ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ, ਇਹ ਫੋਟੋ ਵੱਡੇ ਪੱਧਰ 'ਤੇ ਸ਼ੇਅਰ ਕੀਤੀ ਜਾਣ ਲੱਗੀ। ਇਸ ਤੋਂ ਬਾਅਦ ਗੋਲਡੀ ਨੂੰ ਸੋਸ਼ਲ ਮੀਡੀਆ 'ਤੇ ਆ ਕੇ ਸਪੱਸ਼ਟੀਕਰਨ ਦੇਣਾ ਪਿਆ।
ਉਸ ਨੇ ਦੱਸਿਆ ਕਿ ਮੈਂ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਦੇ ਪਿੰਡ ਜੰਡਵਾਲਾ ਦਾ ਰਹਿਣ ਵਾਲਾ ਹਾਂ। ਸਿੱਧੂ ਮੂਸੇਵਾਲਾ ਦੇ ਕਤਲ ਦੀ ਦਰਦਨਾਕ ਘਟਨਾ ਵਾਪਰੀ ਹੈ। ਇਸ ਤੋਂ ਬਾਅਦ ਸੀਐਮ ਭਗਵੰਤ ਮਾਨ ਨਾਲ ਮੇਰੀ ਫੋਟੋ ਸੋਸ਼ਲ ਮੀਡੀਆ 'ਤੇ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰ ਉਨ੍ਹਾਂ ਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਸਿੱਧੂ ਮੂਸੇਵਾਲਾ ਦਾ ਕਤਲ ਕਰਨ ਲਈ ਦੋ ਕਾਰਾਂ 'ਚ ਸੱਤ ਜਣੇ ਆਏ ਸੀ
ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਨਵੇਂ ਖੁਲਾਸੇ ਹੋ ਰਹੇ ਹਨ। ਸਿੱਧੂ ਮੂਸੇਵਾਲਾ ਦਾ ਕਤਲ ਕਰਨ ਲਈ ਦੋ ਕਾਰਾਂ ਵਿੱਚ ਸੱਤ ਜਣੇ ਆਏ ਸਨ। ਹਮਲਾਵਰਾਂ ਨੇ ਮੂਸੇਵਾਲਾ ਦੀ ਥਾਰ ਦੇ ਟਾਇਰਾਂ ਵਿੱਚ ਗੋਲੀਆਂ ਮਾਰੀਆਂ ਤੇ ਥਾਰ ਦਾ ਸੰਤੁਲਨ ਵਿਗੜ ਗਿਆ। ਇਸ ਤੋਂ ਬਾਅਦ ਦੋਵਾਂ ਕਾਰਾਂ ਵਿੱਚੋਂ ਸੱਤ ਜਣੇ ਬਾਹਰ ਆਏ ਤੇ ਇੱਕ ਜਣੇ ਨੇ ਤੀਹ ਦੇ ਕਰੀਬ ਫਾਇਰ ਮੂਸੇਵਾਲਾ ’ਤੇ ਕੀਤੇ ਤੇ ਬਾਕੀ ਛੇ ਜਣਿਆਂ ਨੇ ਘੇਰਾ ਪਾ ਲਿਆ। ਜਦ ਗੋਲੀਆਂ ਦੀ ਆਵਾਜ਼ ਸੁਣ ਕੇ ਲੋਕ ਬਾਹਰ ਆਏ ਤਾਂ ਹਮਲਾਵਰਾਂ ਨੇ ਲਲਕਾਰ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ। ਇਹ ਖੁਲਾਸਾ ਘਟਨਾ ਦੇ ਚਸ਼ਮਦੀਦ ਨੇ ਇੱਕ ਖਬਰ ਏਜੰਸੀ ਕੋਲ ਕੀਤਾ।
ਉਧਰ, ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ’ਤੇ ਬੀਤੀ ਸ਼ਾਮ ਜਦੋਂ ਹਮਲਾ ਹੋਇਆ ਤਾਂ ਉਸ ਨਾਲ ਜੀਪ ਵਿਚ ਬੈਠੇ ਦੋਸਤ ਗੁਰਵਿੰਦਰ ਸਿੰਘ ਨੇ ਵੀ ਹਮਲਾਵਰ ਰੁਖ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਕਾਰ ’ਤੇ ਗੋਲੀਆਂ ਚਲਾਈਆਂ ਗਈਆਂ ਤਾਂ ਉਸ ਨੇ ਹਮਲਾਵਰਾਂ ’ਤੇ ਦੋ ਗੋਲੀਆਂ ਚਲਾਈਆਂ ਪਰ ਹਮਲਾਵਰਾਂ ਨੇ ਥਾਰ ਨੂੰ ਤਿੰਨ ਪਾਸਿਉਂ ਘੇਰ ਲਿਆ ਤੇ ਗੋਲੀਆਂ ਚਲਾਉਂਦੇ ਰਹੇ। ਉਸ ਨੇ ਦੱਸਿਆ ਕਿ ਇੱਕ ਹਮਲਾਵਰ ਨੇ ਅਸਾਲਟ ਰਾਈਫਲ ਨਾਲ ਸਾਹਮਣੇ ਤੋਂ ਗੋਲੀਆਂ ਚਲਾਈਆਂ ਜਦਕਿ ਬਾਕੀ ਦੋਵਾਂ ਪਾਸਿਆਂ ਤੋਂ ਗੋਲੀਆਂ ਵਰ੍ਹਾਉਂਦੇ ਰਹੇ। ਹਮਲਾਵਰਾਂ ਦਾ ਧਿਆਨ ਸਿਰਫ਼ ਮੂਸੇਵਾਲਾ ’ਤੇ ਹੀ ਸੀ।
ਇਹ ਵੀ ਪੜ੍ਹੋ: Attack On Rakesh Tikait: ਬੈਂਗਲੁਰੂ 'ਚ ਕਿਸਾਨ ਆਗੂ ਰਾਕੇਸ਼ ਟਿਕੈਤ 'ਤੇ ਸੁੱਟੀ ਗਈ ਸਿਆਹੀ, ਪ੍ਰੋਗਰਾਮ 'ਚ ਹੰਗਾਮਾ