ਰਮਨਦੀਪ ਕੌਰ ਦੀ ਰਿਪੋਰਟ

ਚੰਡੀਗੜ੍ਹ: ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਇੱਕ ਵਾਰ ਫਿਰ ਸਪਸ਼ਟ ਕਰ ਦਿੱਤਾ ਕਿ ਉਹ ਪੰਜਾਬ ਵਿਧਾਨ ਸਭਾ ਚੋਣਾਂ 2022 'ਚ ਕਾਂਗਰਸ ਲਈ ਪ੍ਰਚਾਰ ਮੁਹਿੰਮ ਦਾ ਕੰਮ ਨਹੀਂ ਕਰਨਗੇ। ਇਸ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਨੇ 2017 ਪੰਜਾਬ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਲਈ ਕੰਮ ਕੀਤਾ ਸੀ।

ਪ੍ਰਸ਼ਾਂਤ ਕਿਸ਼ੋਰ ਨੇ ਸਾਫ ਕਹਿ ਦਿੱਤਾ ਕਿ ਹੁਣ ਉਹ ਕਾਂਗਰਸ ਲਈ ਟੁਕੜਿਆਂ 'ਚ ਕੰਮ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸਾਰੀਆਂ ਅਟਕਲਾਂ 'ਤੇ ਵਿਰ੍ਹਾਮ ਲੱਗ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਇਹ ਸਪਸ਼ਟ ਕਰ ਚੁੱਕਾ ਹਾਂ ਕਿ ਕਾਂਗਰਸ ਨਾਲ ਅੱਗੇ ਕੰਮ ਨਹੀਂ ਕਰਾਂਗਾ। ਚਰਚਾ ਹੈ ਕਿ ਸੁਨੀਲ ਜਾਖੜ, ਆਸ਼ਾ ਕੁਮਾਰੀ ਤੋਂ ਇਲਾਵਾ ਕਈ ਸੀਨੀਅਰ ਲੀਡਰ ਨਹੀਂ ਚਾਹੁੰਦੇ ਸਨ ਕਿ ਪ੍ਰਸ਼ਾਂਤ ਕਿਸ਼ੋਰ ਦੀ ਵਾਪਸੀ ਹੋਵੇ।

ਦਰਅਸਲ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਕਹਿ ਚੁੱਕੇ ਹਨ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਿਸ਼ੋਰ ਦੀ ਲੋੜ ਨਹੀਂ ਜਦਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਅਪੀਲ ਕਰ ਰਹੇ ਹਨ। ਇੱਕ ਵਿਧਾਇਕ ਨੇ ਆਪਣਾ ਨਾਂ ਜਨਤਕ ਨਾ ਕਰਨ ਦੀ ਸ਼ਰਤ ਤੇ ਦੱਸਿਆ ਕਿ ਕਰੀਬ ਅੱਧੀ ਦਰਜਨ ਵਿਧਾਇਕ ਮੁੱਖ ਮੰਤਰੀ ਨੂੰ ਮਿਲੇ ਸਨ ਤੇ ਕਿਹਾ ਸੀ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਲਿਆਉਣਾ ਸਹੀ ਨਹੀਂ।

ਕੈਪਟਨ ਨੇ ਪਿਛਲੇ ਹਫ਼ਤੇ ਇੱਕ ਵੀਡੀਓ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ ਕਿ ਕਿਸ਼ੋਰ ਨੇ 2022 ਚੋਣਾਂ 'ਚ ਕਾਂਗਰਸ ਦਾ ਸਾਥ ਦੇਣ ਲਈ ਹਾਂਪੱਖੀ ਸੰਕੇਤ ਦਿੱਤੇ ਹਨ। ਉਨ੍ਹਾਂ ਦਾ ਦਾਅਵਾ ਸੀ ਕਿ ਕਿਸ਼ੋਰ ਨੇ ਕਿਹਾ ਉਹ ਕੰਮ ਕਰਕੇ ਖੁਸ਼ ਹੋਣਗੇ। ਕੈਪਟਨ ਤੋਂ ਇਲਾਵਾ ਕਾਂਗਰਸ ਦੇ ਦੇ ਕਰੀਬ 55 ਲੀਡਰ ਵੀ ਇਸ ਹੱਕ 'ਚ ਸਨ ਕਿ ਪ੍ਰਸ਼ਾਂਤ ਕਿਸੋਰ 2022 'ਚ ਕਾਂਗਰਸ ਦੀ ਚੋਣ ਰਣਨੀਤੀ ਦੀ ਕਮਾਨ ਸਾਂਭਣ।