Punjab Police in action mode: ਪੰਜਾਬ ਪੁਲਿਸ ਅੱਜਕੱਲ੍ਹ ਐਕਸ਼ਨ ਮੋਡ ਵਿੱਚ ਹੈ। ਕੇਂਦਰੀ ਏਜੰਸੀਆਂ ਦੇ ਅਲਰਟ ਮਗਰੋਂ ਪੰਜਾਬ ਪੁਲਿਸ ਧੜਾਧੜ ਗ੍ਰਿਫਤਾਰੀਆਂ ਕਰ ਰਹੀ ਹੈ। ਕੇਂਦਰੀ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਅਲਰਟ ਕੀਤਾ ਸੀ ਕਿ ਸੂਬੇ ਵਿੱਚ ਖਾਲਿਸਤਾਨੀ ਪੱਖੀ ਤਾਕਤਾਂ ਮੁੜ ਉਭਾਰ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸ ਮਗਰੋਂ ਪੰਜਾਬ ਪੁਲਿਸ ਕਾਫੀ ਚੌਕਸ ਨਜ਼ਰ ਆ ਰਹੀ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਬੀਤੇ 10 ਦਿਨਾਂ ਵਿੱਚ 17 ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਚਾਰ ਰਾਈਫਲਾਂ-ਏਕੇ/ਐਮਪੀ-9/ਐਮਪੀ-5, 25 ਰਿਵਾਲਵਰ, ਤਿੰਨ ਹੈਂਡ ਗ੍ਰਨੇਡ ਤੇ ਇੱਕ ਆਈਈਡੀ ਬਰਾਮਦ ਕੀਤੀ ਹੈ।



ਸੂਬੇ ਦੇ ਆਈਜੀ (ਹੈੱਡਕੁਆਰਟਰ) ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ 10 ਦਿਨਾਂ ਵਿੱਚ ਪੁਲਿਸ ਟੀਮਾਂ ਨੇ ਗੈਂਗਸਟਰ ਤੋਂ ਅਤਿਵਾਦੀ ਬਣੇ ਲਖਬੀਰ ਸਿੰਘ ਉਰਫ ਲੰਡਾ, ਹਰਵਿੰਦਰ ਸਿੰਘ ਉਰਫ ਰਿੰਦਾ ਤੇ ਅਰਸ਼ ਡੱਲਾ ਵੱਲੋਂ ਭਾਰਤ ਤੋਂ ਬਾਹਰੋਂ ਚਲਾਈਆਂ ਜਾ ਰਹੀਆਂ ਅਤਿਵਾਦੀ ਗਤੀਵਿਧੀਆਂ ਦਾ ਪਤਾ ਲਾਇਆ ਹੈ।

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਪਹਿਲੀ ਅਕਤੂਬਰ ਨੂੰ ਕੈਨੇਡਾ ਆਧਾਰਤ ਲਖਬੀਰ ਲੰਡਾ ਤੇ ਪਾਕਿਸਤਾਨ ਆਧਾਰਤ ਹਰਵਿੰਦਰ ਰਿੰਦਾ ਵੱਲੋਂ ਸਾਂਝੇ ਤੌਰ ’ਤੇ ਚਲਾਏ ਜਾ ਰਹੇ ਆਈਐਸਆਈ ਦੀ ਹਮਾਇਤ ਪ੍ਰਾਪਤ ਤਿੰਨ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਉਨ੍ਹਾਂ ਦੇ ਕਬਜ਼ੇ ’ਚੋਂ ਅਤਿ ਆਧੁਨਿਕ ਏਕੇ-56 ਅਸਾਲਟ ਰਾਈਫਲ ਤੇ ਦੋ ਮੈਗਜ਼ੀਨਾਂ ਸਣੇ 90 ਕਾਰਤੂਸ ਤੇ ਦੋ ਖੋਲ ਬਰਾਮਦ ਕੀਤੇ ਸਨ।

ਚਮਕੌਰ ਸਾਹਿਬ ਖੇਤਰ ਤੋਂ ਦੋ ਅਤਿਵਾਦੀਆਂ ਦੀ ਗ੍ਰਿਫ਼ਤਾਰੀ ਨਾਲ ਕੈਨੇਡਾ ਆਧਾਰਤ ਅਤਿਵਾਦੀ/ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਵੱਲੋਂ ਚਲਾਏ ਜਾ ਰਹੇ ਦਹਿਸ਼ਤੀ ਗੈਂਗ ਦਾ ਪਰਦਾਫ਼ਾਸ਼ ਕੀਤਾ ਤੇ ਇੱਕ 22 ਬੋਰ ਦਾ ਰਿਵਾਲਵਰ ਤੇ 32 ਬੋਰ ਦੇ ਪਿਸਤੌਲ ਸਣੇ 21 ਕਾਰਤੂਸ ਵੀ ਬਰਾਮਦ ਕੀਤੇ।


ਇਹ ਵੀ ਪੜ੍ਹੋ : Mohali Grenade attack : ਮੋਹਾਲੀ 'ਚ ਪੰਜਾਬ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹੋਏ ਆਰਪੀਜੀ ਹਮਲੇ 'ਚ ਪੁਲਿਸ ਨੇ 7 ਖਿਲਾਫ਼ ਦਾਇਰ ਕੀਤੀ ਚਾਰਜਸ਼ੀਟ

ਆਈਜੀ ਨੇ ਦੱਸਿਆ ਕਿ ਪਿਛਲੇ ਹਫ਼ਤੇ ਪੁਲਿਸ ਨੇ 240 ਐਫਆਈਆਰ ਦਰਜ ਕਰ ਕੇ 314 ਨਸ਼ਾ ਤਸਕਰ ਵੀ ਕਾਬੂ ਕੀਤੇ ਹਨ। ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ ’ਚੋਂ 18 ਕਿੱਲੋ ਹੈਰੋਇਨ, 16 ਕਿੱਲੋ ਅਫੀਮ, 4 ਕਿੱਲੋ ਗਾਂਜਾ, 5 ਕੁਇੰਟਲ ਭੁੱਕੀ, ਫਾਰਮਾ ਓਪੀਔਡਜ਼ ਦੀਆਂ 3.71 ਲੱਖ ਗੋਲੀਆਂ/ਕੈਪਸੂਲ/ਟੀਕੇ/ ਸ਼ੀਸ਼ੀਆਂ ਤੇ 9.73 ਲੱਖ ਦੀ ਨਕਦੀ ਬਰਾਮਦ ਕੀਤੀ ਗਈ ਹੈ।