ਚੰਡੀਗੜ੍ਹ: ਖੇਤੀ ਕਾਨੂੰਨਾਂ (Farm Laws) ਖਿਲਾਫ ਕਿਸਾਨ ਅੰਦੋਲਨ (Farmers Protest) ਦੇ ਹਮਾਇਤੀਆਂ ਨੂੰ ‘ਰਾਸ਼ਟਰੀ ਸੁਰੱਖਿਆ ਏਜੰਸੀ’ (NIA) ਦੇ ਨੋਟਿਸ ਮਿਲਣ ’ਤੇ ਪੰਜਾਬ (Punjab Politics) ਦੀ ਸਿਆਸਤ ਭਖ ਗਈ ਹੈ। ਇਸ ਨਵੀਂ ਕਾਰਵਾਈ ਕਰਕੇ ਬੀਜੇਪੀ (BJP) ਮੜ ਕਸੂਤੀ ਘਿਰ ਗਈ ਹੈ। ਸੱਤਾਧਾਰੀ ਕਾਂਗਰਸ ਸਮੇਤ ਹੋਰ ਸਿਆਸੀ ਪਾਰਟੀਆਂ ਨੇ ਇਸ ਨੂੰ ਲੈ ਕੇ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਇਸ ਦੇ ਨਾਲ ਹੀ ਕਿਸਾਨ ਯੂਨੀਅਨਾਂ ਨੇ ਵੀ ਨੋਟਿਸ ਦੀ ਇਸ ਕਾਰਵਾਈ ’ਤੇ ਤਿੱਖਾ ਪ੍ਰਤੀਕਰਮ ਪ੍ਰਗਟਾਇਆ ਹੈ।

ਉਧਰ, ਕਿਸਾਨ ਲੀਡਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਕੇਂਦਰ ਸਰਕਾਰ ਨੋਟਿਸ ਭੇਜ ਕੇ ਅੰਦੋਲਨ ਵਾਪਸ ਲੈਣ ਦਾ ਦਬਾਅ ਬਣਾ ਰਹੀ ਹੈ ਪਰ ਹੁਣ ਅੰਦੋਲਨ ਹੋਰ ਵੀ ਰੋਹ ਭਰਪੂਰ ਹੋਵੇਗਾ। ਇਸ ਦੌਰਾਨ ਕੁਝ ਕਿਸਾਨ ਜਥੇਬੰਦੀਆਂ ਨੇ ਐਨਆਈਏ ਦੀ ਜਾਂਚ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸ ਦਈਏ ਕਿ ਪੰਜਾਬ ’ਚ 50 ਤੋਂ ਵੱਧ ਕਿਸਾਨਾਂ ਤੇ ਅੰਦੋਲਨ ਦੀ ਹਮਾਇਤ ਕਰਨ ਵਾਲੇ ਕਲਾਕਾਰਾਂ ਨੂੰ ਐਨਆਈਏ ਨੇ ਨੋਟਿਸ ਭੇਜ ਕੇ ਦਿੱਲੀ ਪੇਸ਼ ਹੋਣ ਲਈ ਕਿਹਾ ਹੈ। ਇੰਝ ਕਿਸਾਨ ਅੰਦੋਲਨ ਦੇ ਚੱਲਦਿਆਂ ਐਨਆਈਏ ਦੇ ਨੋਟਿਸ ਮਿਲਣ ਉੱਤੇ ਪੰਜਾਬ ਦਾ ਸਿਆਸੀ ਪਾਰਾ ਚੜ੍ਹ ਗਿਆ ਹੈ।

ਇਹ ਵੀ ਪੜ੍ਹੋSupreme Court Farm laws: ਖੇਤੀਬਾੜੀ ਕਾਨੂੰਨ ਬਾਰੇ ਕਮੇਟੀ ਦੇ ਗਠਨ ਤੋਂ ਬਾਅਦ ਅੱਜ ਸੁਪਰੀਮ ਕੋਰਟ ਵਿੱਚ ਅਹਿਮ ਸੁਣਵਾਈ

ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ ਸਮੇਤ ਹੋਰ ਪਾਰਟੀਆਂ ਦੇ ਆਗੂਆਂ ਨੇ ਤਿੱਖਾ ਪ੍ਰਤੀਕਰਮ ਪ੍ਰਗਟਾਇਆ ਹੈ। ਇਨ੍ਹਾਂ ਪਾਰਟੀਆਂ ਨੇ ਕੇਂਦਰ ਨੂੰ ਨਿਸ਼ਾਨੇ ’ਤੇ ਲਿਆ ਹੈ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਕੇਂਰ ਸਰਕਾਰ ਕਈ ਕੇਂਦਰੀ ਏਜੰਸੀਆਂ ਦੀ ਆਪਣੇ ਲਾਭ ਲਈ ਦੁਰਵਰਤੋਂ ਕਰਦੀ ਆਈ ਹੈ। ਹੁਣ ਐਨਆਈਏ ਦੀ ਦੁਰਵਰਤੋਂ ਸ਼ੁਰੂ ਕਰ ਦਿੱਤੀ ਗਈ ਹੈ।

ਸਿਆਸੀ ਪਾਰਟੀਆਂ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਮੰਗ ਜਾਇਜ਼ ਹੈ ਤੇ ਕੇਂਦਰ ਸਰਕਾਰ ਨੂੰ ਵਿਵਾਦਗ੍ਰਸਤ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਕਿਸਾਨ ਯੂਨੀਅਨਾਂ ਦਾ ਕਹਿਣਾ ਹੈ ਕਿ ਹੁਣ ਲੜਨ-ਮਰਨ ਦਾ ਸੁਆਲ ਬਣ ਗਿਆ ਹੈ ਤੇ ਜੇ ਕੇਂਦਰ ਸਰਕਾਰ ਅਜਿਹੇ ਹਥਕੰਡਿਆਂ ਤੋਂ ਬਾਜ਼ ਨਹੀਂ ਆਉਂਦੀ, ਤਾਂ ਅੰਦੋਲਨ ਨੂੰ ਮਜਬੂਰਨ ਹੋਰ ਤੇਜ਼ ਕਰਨਾ ਪਵੇਗਾ।

ਇਸ ਬਾਰੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਭਾਜਪਾ ਸਰਕਾਰ ਆਪਣੇ ਸਿਆਸੀ ਹਿੱਤਾਂ ਲਈ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਸਰਕਾਰ ਦੀ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਇਹ ਭੱਦੀ ਚਾਲ ਨਾਕਾਮ ਹੀ ਰਹੇਗੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਐਨਆਈਏ ਦੇ ਨੋਟਿਸਾਂ ਤੋਂ ਇਹ ਸਿੱਧ ਹਹੋ ਗਿਆ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਤੋਂ ਘਬਰਾ ਗਈ ਹੈ। ਉਹ ਨੋਟਿਸਾਂ ਦਾ ਦਬਾਅ ਬਣਾ ਕੇ ਅੰਦੋਲਨ ਨੂੰ ਵਾਪਸ ਕਰਵਾਉਣਾ ਚਾਹੁੰਦੀ ਹੈ ਪਰ ਉਹ ਕਦੇ ਸਫ਼ਲ ਨਹੀਂ ਹੋ ਸਕੇਗੀ।

ਇਹ ਵੀ ਪੜ੍ਹੋਕਿਸਾਨ ਨੇ ਕੀਤਾ ਵੱਡਾ ਐਲਾਨ, ‘ਮਈ 2024’ ਤੱਕ ਡਟੇ ਰਹਿਣ ਦੀ ਤਿਆਰੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904