Punjab News ਪੰਜਾਬ ਸਰਕਾਰ 'ਚ ਵਿਜੇ ਸਿੰਗਲਾ ਦੀ ਗ੍ਰਿਫਤਾਰੀ ਨੂੰ ਲੈ ਕੇ ਕਾਂਗਰਸ ਨੇ ਆਮ ਆਦਮੀ ਪਾਰਟੀ 'ਤੇ ਤਿੱਖਾ ਹਮਲਾ ਕੀਤਾ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਵਿਜੇ ਸਿੰਗਲਾ ਨੂੰ ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾਉਣਾ ਅਤੇ ਬਾਅਦ 'ਚ ਗ੍ਰਿਫਤਾਰੀ ਸੂਬੇ 'ਚ ਪਾਰਟੀ ਦਾ ਚਿਹਰਾ ਬਚਾਉਣ ਲਈ ਕੀਤੀ ਗਈ, ਕਿਉਂਕਿ ਸਰਕਾਰ ਨੂੰ ਦੋ ਮਹੀਨੇ ਤੱਕ ਵੱਡੇ ਪੱਧਰ 'ਤੇ ਕੀਤੇ ਗਏ ਭ੍ਰਿਸ਼ਟਾਚਾਰ 'ਤੇ ਜਨਤਾ ਅਤੇ ਮੀਡੀਆ ਪ੍ਰਤੀਕਰਮ ਦਾ ਡਰ ਸੀ।


ਵੜਿੰਗ ਨੇ ਅੱਗੇ ਕਿਹਾ, ''ਇਹ ਤਾਂ ਸ਼ੁਰੂਆਤ ਹੈ, ਇਸ ਕਤਾਰ 'ਚ ਹੋਰ ਵੀ ਬਹੁਤ ਸਾਰੇ ਹਨ। ਅਸੀਂ ਉਮੀਦ ਕਰਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਵਿਜੇ ਸਿੰਗਲਾ 'ਤੇ ਹੀ ਨਹੀਂ ਰੁਕਣਗੇ ਅਤੇ ਹੋਰ ਲੋਕਾਂ ਖਿਲਾਫ ਕਾਰਵਾਈ ਕਰਨਗੇ। ਸਿੰਗਲਾ ਇਸ ਮਾਮਲੇ 'ਚ ਇਕੱਲੇ ਨਹੀਂ ਸੀ। ਪਾਰਟੀ 'ਚ ਹੋਰ ਲੋਕ ਸ਼ਾਮਲ ਸੀ, ਉਮੀਦ ਹੈ ਕਿ ਜਲਦ ਹੀ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਵੜਿੰਗ ਨੇ ਪੰਜਾਬ ਨੂੰ 10 ਦਿਨਾਂ 'ਚ ਭ੍ਰਿਸ਼ਟਾਚਾਰ ਮੁਕਤ ਕਰਨ ਦੇ ਦਾਅਵੇ 'ਤੇ ਅਰਵਿੰਦ ਕੇਜਰੀਵਾਲ 'ਤੇ ਵੀ ਤੰਨਜ ਕੀਤਾ ਸੀ ਉਨ੍ਹਾਂ ਲਿਖਿਆ ਸੀ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੇ 60 ਦਿਨ ਅੰਦਰ ਹੀ ਸਿਹਤ ਮੰਤਰੀ ਨੂੰ ਰਿਸ਼ਵਤ ਮੰਗਣ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕੀਤਾ ਗਿਆ।"


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਕੈਬਨਿਟ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕਰ ਦਿੱਤਾ। ਇਸ ਤੋਂ ਥੋੜ੍ਹੀ ਦੇਰ ਬਾਅਦ ਸਿੰਗਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਿੰਗਲਾ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ। ਅਦਾਲਤ ਨੇ ਸਿੰਗਲਾ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਵਿਜੇ ਸਿੰਗਲਾ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਸਟੈਂਡ ਭ੍ਰਿਸ਼ਟਾਚਾਰ ਨੂੰ ਜ਼ੀਰੋ ਬਰਦਾਸ਼ਤ ਕਰਨ ਵਾਲਾ ਹੈ। ਮੁੱਖ ਮੰਤਰੀ ਨੇ ਖੁਦ ਸਿੰਗਲਾ ਨੂੰ ਮੰਤਰੀ ਮੰਡਲ ਤੋਂ ਹਟਾਉਣ ਦਾ ਐਲਾਨ ਕੀਤਾ ਹੈ। ਮਾਨ ਨੇ ਕਿਹਾ ਕਿ ਸਿੰਗਲਾ ਵੱਲੋਂ ਆਪਣੇ ਵਿਭਾਗ ਦੇ ਟੈਂਡਰਾਂ ਅਤੇ ਖਰੀਦਦਾਰੀ 'ਚ ਕਥਿਤ ਤੌਰ 'ਤੇ ਇੱਕ ਫੀਸਦੀ ਕਮਿਸ਼ਨ ਦੀ ਮੰਗ ਕਰਨ ਦੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ।


ਇਹ ਵੀ ਪੜ੍ਹੋ: LSG vs RCB, Eliminator: ਅੱਜ ਕੌਣ ਬਾਹਰ ਹੋਵੇਗਾ? RCB ਵਧਣਾ ਚਾਹੇਗਾ ਫਾਈਨਲ ਵੱਲ, ਲਖਨਊ ਸਾਹਮਣੇ 'ਵਿਰਾਟ' ਚੁਣੌਤੀ